62 ਸਾਲ ਦੀ ਬਜ਼ੁਰਗ ਮਾਂ ਨੇ ''ਵਾਰਿਸ'' ਨੂੰ ਦਿੱਤਾ ਜਨਮ
Sunday, Dec 03, 2017 - 02:29 PM (IST)
ਮਾਨਸਾ — ਮਾਨਸਾ 'ਚ ਇਕ 62 ਸਾਲਾ ਬਜ਼ੁਰਗ ਜੋੜੇ ਨੇ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ 'ਚ ਇਕ ਲੜਕਾ ਤੇ ਇਕ ਲੜਕੀ ਹੈ। ਨੰਗਲ ਕਲਾਂ ਦੀ ਗੁਰਵਿੰਦਰ ਕੌਰ (62) ਨੇ ਆਈ. ਵੀ. ਐੱਫ. ਰਾਹੀਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਫਿਲਹਾਲ ਗੁਰਵਿੰਦਰ ਕੌਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਜੋੜੇ ਦੇ ਪਹਿਲਾਂ ਵੀ ਤਿੰਨ ਧੀਆਂ ਹਨ, ਜਿਨ੍ਹਾਂ 'ਚੋਂ ਦੋ ਵਿਆਹੀਆਂ ਹੋਈਆਂ ਹਨ ਤੇ ਕੁਆਰੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਵਿਆਹੀਆਂ ਧੀਆਂ ਦੇ ਵੀ ਬੱਚੇ ਹਨ। ਗੁਰਵਿੰਦਰ ਕੌਰ ਦੇ ਪਤੀ ਬਲਵੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਜਾਇਦਾਦ ਦੇ ਵਾਰਸ ਦੀ ਘਾਟ ਮਹਿਸੂਸ ਹੋਣ ਲੱਗੀ ਸੀ।
ਗੁਰਵਿੰਦਰ ਕੌਰ ਨੇ ਦੱਸਿਆ ਕਿ ਉਮਰ ਦੇ ਇਸ ਪੜ੍ਹਾਅ 'ਚ ਉਸ ਨੂੰ ਪੁੱਤਰ ਹੋਣ ਦੀ ਉਮੀਦ ਨਾਮਾਤਰ ਹੀ ਸੀ ਪਰ ਉਸ ਦੀਆਂ ਧੀਆਂ ਦੇ ਕਹਿਣ ਤੇ ਉਸ ਨੇ ਆਈ. ਵੀ. ਐੱਫ. ਜ਼ਰੀਏ ਮਾਂ ਬਣਨ ਦਾ ਫੈਸਲਾ ਲਿਆ ਤੇ ਬੀਤੀ 20 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਹਸਪਤਾਲ 'ਚ ਉਸ ਨੇ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ, ਜੋ ਤੰਦਰੁਸਤ ਹਨ ਤੇ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਚੁੱਕੇ ਹਨ।
