ਪੀ. ਜੀ. ਆਈ. ''ਚ ਹੋਇਆ ਹੈਰਾਨ ਕਰਦਾ ਖੁਲਾਸਾ, ਦੁਨੀਆ ਦੇ ਸਭ ਤੋਂ ਵੱਡੇ ਜਨਰਲ ''ਚ ਹੋਇਆ ਪ੍ਰਕਾਸ਼ਿਤ
Friday, Jun 23, 2017 - 07:40 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਇਨੈਸਥੀਸੀਆ ਵਿਭਾਗ ਦੀ ਇਕ ਖੋਜ 'ਚ ਸਾਹਮਣੇ ਆਇਆ ਹੈ ਕਿ ਸਰਜਰੀ ਦੌਰਾਨ ਇਨੈਸਥੀਸੀਆ ਦੌਰਾਨ ਦਿੱਤੀ ਜਾਣ ਵਾਲੀ ਦਵਾਈ ਕੈਟਾਮਿਨ ਬਜ਼ੁਰਗਾਂ 'ਚ ਭਰਮ ਦੀ ਬੀਮਾਰੀ ਡੈਲੇਰੀਅਮ ਨੂੰ ਵਧਾ ਰਹੀ ਹੈ। ਸੰਸਾਰ ਭਰ 'ਚ ਆਪ੍ਰੇਸ਼ਨ ਤੋਂ ਪਹਿਲਾਂ ਤੇ ਸਰਜਰੀ ਤੋਂ ਬਾਅਦ ਹੋਣ ਵਾਲੇ ਭਰਮ ਤੇ ਦਰਦ ਨੂੰ ਘੱਟ ਕਰਨ ਲਈ ਇਹ ਦਵਾਈ ਦਿੱਤੀ ਜਾਂਦੀ ਹੈ ਪਰ ਬਜ਼ੁਰਗਾਂ 'ਚ ਇਸ ਦਵਾਈ ਦੇ ਕਾਫ਼ੀ ਸਾਈਡ ਇਫੈਕਟਸ ਇਸ ਰਿਸਰਚ 'ਚ ਸਾਹਮਣੇ ਆਏ ਹਨ।
2012 'ਚ ਪੀ. ਜੀ. ਆਈ. ਦੇ ਇਨੈਸਥੀਸੀਆ ਵਿਭਾਗ ਨੇ ਕੈਨੇਡਾ ਯੂਨੀਵਰਸਿਟੀ ਆਫ਼ ਮੈਨੀਟੋਬਾ ਨਾਲ ਮਿਲ ਕੇ ਇਸ ਰਿਸਰਚ 'ਚ ਯੋਗਦਾਨ ਦਿੱਤਾ ਹੈ। ਵਿਸ਼ਵ ਦੇ ਸਭ ਤੋਂ ਵੱਡੇ ਜਨਰਲ ਲੇਨਸੈਂਟ 'ਚ ਪ੍ਰਕਾਸ਼ਿਤ ਹੋਈ ਇਸ ਸਟੱਡੀ 'ਚ ਖੁਲਾਸਾ ਹੋਇਆ ਕਿ ਕੈਟਾਮੀਨ ਦੇ ਸਾਈਡ ਇਫੈਕਟਸ ਦੇ ਸਮੇਂ ਮਰੀਜ਼ ਦੇ ਦਰਦ ਤੇ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਣ ਲਈ ਇਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਦਵਾਈ ਬਜ਼ੁਰਗਾਂ ਲਈ ਕਾਫੀ ਸਾਈਡ ਇਫੈਕਟਸ ਪੈਦਾ ਕਰ ਰਹੀ ਹੈ।
672 ਮਰੀਜ਼ਾਂ 'ਤੇ ਹੋਈ ਸਟੱਡੀ
ਡਾਕਟਰਾਂ ਨੇ 627 ਮਰੀਜ਼ਾਂ 'ਤੇ ਇਹ ਸਟੱਡੀ ਕੀਤੀ ਹੈ। ਇਨ੍ਹਾਂ ਮਰੀਜ਼ਾਂ ਨੂੰ ਤਿੰਨ ਗਰੁੱਪਾਂ 'ਚ ਵੰਡਿਆ ਗਿਆ ਹੈ। ਇਕ ਗਰੁੱਪ ਨੂੰ ਕੈਟਾਮਿਨ ਨਹੀਂ ਦਿੱਤਾ ਗਿਆ ਜਦੋਂਕਿ ਦੋ ਗਰੁੱਪਾਂ ਨੂੰ ਵੱਖ-ਵੱਖ ਮਾਤਰਾ 'ਚ ਇਸਦੀ ਡੋਜ਼ ਦਿੱਤੀ ਗਈ ਪਰ ਜਿਵੇਂ ਹੀ ਕੈਟਾਮਿਨ ਦੀ ਡੋਜ਼ ਇਨ੍ਹਾਂ ਮਰੀਜ਼ਾਂ ਦੀ ਵਧਾਈ ਗਈ, ਇਨ੍ਹਾਂ 'ਚ ਡੈਲੇਰੀਅਮ ਵੀ ਵਧ ਗਿਆ। ਇਸ ਦੇ ਨਾਲ ਹੀ ਰਿਸਰਚ 'ਚ ਇਹ ਵੀ ਸਾਹਮਣੇ ਆਇਆ ਕਿ ਜਿਸ ਗਰੁੱਪ 'ਚ ਕੈਟਾਮਿਨ ਨਹੀਂ ਦਿੱਤਾ ਗਿਆ ਤੇ ਜਿਸ ਗਰੁੱਪ 'ਚ ਦਵਾਈ ਦਿੱਤੀ ਗਈ ਉਨ੍ਹਾਂ ਦੇ ਡੈਲੇਰੀਅਮ ਦੇ ਪ੍ਰਭਾਵ 'ਚ ਫਰਕ ਨਹੀਂ ਸੀ ਪਰ ਜਿਵੇਂ ਹੀ ਕੈਟਾਮਿਨ ਦਵਾਈ ਦੀ ਮਾਤਰਾ ਵਧਾਈ ਗਈ, ਉਸਦੇ ਨਾਲ ਹੀ ਮਰੀਜ਼ਾਂ 'ਚ ਸਾਈਡ ਇਫੈਕਟਸ ਵੀ ਜ਼ਰੂਰ ਵਧ ਗਏ।
ਕੀ ਹੈ ਡੈਲੇਰੀਅਮ
ਡੈਲੇਰੀਅਮ ਇਕ ਤਰ੍ਹਾਂ ਦੀ ਮਾਨਸਿਕ ਹਾਲਤ ਹੈ, ਜਿਸ 'ਚ ਬਜ਼ੁਰਗ ਮਰੀਜ਼ ਨੂੰ ਭਰਮ ਹੋਣ ਲੱਗਦਾ ਹੈ। ਉਸਨੂੰ ਬੁਰੇ ਸੁਪਨੇ ਆਉਣ ਲੱਗਦੇ ਹਨ। ਸਰਜਰੀ ਦੌਰਾਨ ਮਰੀਜ਼ ਨੂੰ ਦਰਦ ਤੇ ਭਰਮ ਤੋਂ ਬਚਾਉਣ ਲਈ ਇਹ ਦਵਾਈ ਦਿੱਤੀ ਜਾਂਦੀ ਹੈ। ਪੀ. ਜੀ. ਆਈ. ਇਨੈਸਥੀਸੀਆ ਵਿਭਾਗ ਤੋਂ ਇਸ ਖੋਜ 'ਚ ਪ੍ਰੋ. ਵੀ. ਕੇ. ਆਰੀਆ, ਡਾ. ਅਵੀਕ ਜਯੰਤ, ਡਾ. ਸੰਦੀਪ ਗਰੋਵਰ ਆਦਿ ਸ਼ਾਮਿਲ ਸਨ।