ਧੂੰਏਂ ਦੇ ਜਾਲ ’ਚ ‘ਜ਼ਿੰਦਗੀਆਂ ਕੈਦ'', ਸਾਹ ਲੈਣਾ ਹੋਇਆ ਔਖਾ

Wednesday, Nov 13, 2024 - 05:06 AM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) - ਪੂਰੇ ਪੰਜਾਬ ਅੰਦਰ ਜਿਥੇ ਪ੍ਰਦੂਸ਼ਣ ਦੇ ਕਾਲੇ ਬੱਦਲ ਛਾਏ ਹੋਏ ਹਨ, ਉੱਥੇ ਹੁਣ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਵੀ ਜ਼ਹਿਰਲੇ ਧੂੰਏਂ ’ਚ ‘ਜਿੰਦਗੀਆਂ ਕੈਦ’ ਹੋਈਆਂ ਨਜ਼ਰ ਆ ਰਹੀਆਂ ਹਨ। ਹਰ ਪਾਸੇ ਹਵਾ ਪ੍ਰਦੂਸ਼ਣ ਦੇ ਕਾਲੇ ਬਦਲ ਛਾਏ ਨਜ਼ਰ ਆ ਰਹੇ ਹਨ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ।

ਕਿਸਾਨਾਂ ਵੱਲੋਂ ਫੂਕੀ ਜਾ ਰਹੀ ਪਰਾਲੀ ਦੇ ਧੂੰਏਂ ਕਾਰਨ ਹੀ ਜ਼ਿਲੇ ’ਚ ਸਮਾਗ ਦਾ ਪੱਧਰ ਇਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਧੂੰਏਂ ਕਾਰਨ ਲੋਕਾਂ ਨੂੰ ਅੱਖਾਂ ’ਚ ਜਲਨ, ਖਾਂਸੀ, ਸਾਹ ਲੈਣ ’ਚ ਤਕਲੀਫ, ਗਲੇ ’ਚ ਜਲਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਧਿਕਾਰੀ ਵੱਲੋਂ ਸਿਰਫ ਮੂਕ ਦਰਸ਼ਕ ਬਣ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਅਤੇ ਕਿਸੇ ਉੱਪਰ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।

ਜ਼ਿਕਰਯੋਗ ਹੈ ਕਿ ਇਸ ਹਵਾ ਪ੍ਰਦੂਸ਼ਣ ਦਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਫੂਕਣ ਤੋਂ ਇਲਾਵਾ ਵੱਡੀਆਂ ਫੈਕਟਰੀਆਂ ਦਾ ਧੂੰਆਂ ਅਤੇ ਬਰਸਾਤ ਨਾ ਹੋਣਾ ਵੀ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਇਸ ਵੱਡੀ ਸਮੱਸਿਆ ਨਾਲ ਜੂਝਨਾ ਪੈ ਰਿਹਾ ਹੈ।

ਲੋਕ ਮਾਸਕ ਪਾਉਣ ਤੇ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਧਿਆਨ ਰੱਖਣ : ਡਾ. ਅਸ਼ੋਕ ਜੋਸ਼ੀ
ਦਿਨੋ-ਦਿਨ ਵੱਧਦੇ ਜਾ ਰਹੇ ਧੂੰਏਂ ਤੋਂ ਬਚਾਅ ਲਈ ਸੀਨੀਅਰ ਅਤੇ ਮਾਹਿਰ ਡਾ. ਅਸ਼ੋਕ ਜੋਸ਼ੀ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਧੂੰਏਂ ਤੋਂ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਕਰ ਕੇ ਬਚਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਸਕ ਪਾਉਣ ਨਾਲ ਧੂੰਏਂ ਤੋਂ ਪੈਦਾ ਹੁੰਦੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਪਰਾਲੀ ਸਾੜਨ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਜ਼ਿਲਾ ਪ੍ਰਸ਼ਾਸਨ : ਡੀ. ਸੀ.
ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਪਿਛਲੇ ਦਿਨਾਂ ਤੋਂ ਜ਼ੋਰਦਾਰ ਕੋਸ਼ਿਸ਼ਾਂ ’ਚ ਲੱਗੇ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਬਿਨਾਂ ਛੁੱਟੀ ਤੋਂ ਫੀਲਡ ’ਚ ਡਟੇ ਹੋਏ ਹਨ ਅਤੇ ਰੋਜ਼ਾਨਾ ਖੇਤਾਂ ’ਚ ਜਾ ਕੇ ਖੁਦ ਵੀ ਅੱਗ ਨੂੰ ਬੁਝਵਾ ਕੇ ਕਿਸਾਨਾਂ ਨੂੰ ਪ੍ਰੇਰਿਤ ਵੀ ਕਰ ਰਹੇ ਹਨ। ਡਾ. ਪ੍ਰੀਤੀ ਯਾਦਵ ਦਾ ਕਹਿਣਾ ਹੈ ਕਿ ਜਿਹੜੇ ਲੋਕ ਜ਼ਿਲਾ ਪ੍ਰਸ਼ਾਸਨ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਗੜਬੜ ਕਰ ਰਹੇ ਹਨ, ਉਨ੍ਹਾਂ ਖਿਲਾਫ ਲਗਾਤਾਰ ਪਰਚੇ ਦਰਜ ਕੀਤੇ ਜਾ ਰਹੇ ਹਨ।


Inder Prajapati

Content Editor

Related News