ਮੋਹਾਲੀ ਦੇ ਮਸ਼ਹੂਰ ''ਏਕਮ ਕਤਲਕਾਂਡ'' ''ਚ ਜ਼ਬਰਦਸਤ ਮੋੜ, ਖੁੱਲ੍ਹਣਗੇ ਕਾਤਲ ਪਤਨੀ ਦੇ ਗੁੱਝੇ ਭੇਤ (ਤਸਵੀਰਾਂ)

07/20/2017 5:02:55 PM

ਮੋਹਾਲੀ (ਕੁਲਦੀਪ) : ਇੱਥੋਂ ਦੇ ਮਸ਼ਹੂਰ ਏਕਮ ਕਤਲਕਾਂਡ 'ਚ ਬੁੱਧਵਾਰ ਨੂੰ ਉਸ ਸਮੇਂ ਜ਼ਬਰਦਸਤ ਮੋੜ ਆ ਗਿਆ, ਜਦੋਂ ਜ਼ਿਲਾ ਅਦਾਲਤ ਵਲੋਂ ਮ੍ਰਿਤਕ ਦੀ ਮੁਲਜ਼ਮ ਪਤਨੀ ਸੀਰਤ ਢਿੱਲੋਂ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ। ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀਮਤੀ ਅਰਚਨਾ ਪੁਰੀ ਦੀ ਅਦਾਲਤ ਨੇ ਇਸ ਕੇਸ 'ਚ ਟ੍ਰਾਇਲ ਸ਼ੁਰੂ ਕਰਨ ਲਈ 17 ਅਗਸਤ ਤਰੀਕ ਤੈਅ ਕਰ ਦਿੱਤੀ ਹੈ। ਅਦਾਲਤ 'ਚ ਸ਼ਿਕਾਇਤ ਕਰਤਾ ਵਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਤਰਮਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵਲੋਂ ਆਈ. ਪੀ. ਸੀ. ਦੀ ਧਾਰਾ 302, 201 ਤੇ 120ਬੀ ਵਿਚ, ਜਦਕਿ ਆਰਮਜ਼ ਐਕਟ ਦੀ ਧਾਰਾ-25 ਤਹਿਤ ਚਾਰਜ ਫਰੇਮ ਕੀਤੇ ਗਏ ਹਨ। ਇਸ ਕੇਸ 'ਚ 55 ਗਵਾਹ ਏਕਮ ਢਿੱਲੋਂ ਦੇ ਕਤਲ ਦਾ ਗੁੱਝਾ ਭੇਤ ਖੋਲ੍ਹਣਗੇ।

 
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ, 2017 'ਚ ਏਕਮ ਢਿੱਲੋਂ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਲੈ ਕੇ ਜਾ ਰਹੀ ਉਸ ਦੀ ਪਤਨੀ ਸੀਰਤ ਢਿੱਲੋਂ ਦਾ ਭੇਤ ਉਸ ਸਮੇਂ ਖੁੱਲ੍ਹ ਗਿਆ ਸੀ, ਜਦੋਂ ਉਹ ਲਾਸ਼ ਵਾਲਾ ਸੂਟਕੇਸ ਆਪਣੀ ਬੀ. ਐੱਮ. ਡਬਲਿਉੂ. ਕਾਰ 'ਚ ਰੱਖਣ ਲਈ ਕਿਸੇ ਆਟੋ ਚਾਲਕ ਦੀ ਮਦਦ ਮੰਗ ਰਹੀ ਸੀ। ਜਿਵੇਂ ਹੀ ਆਟੋ ਚਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਤੇ ਸੀਰਤ ਫਰਾਰ ਹੋ ਗਈ ਸੀ। ਉਸ ਤੋਂ ਬਾਅਦ ਉਸ ਨੇ 10 ਅਪ੍ਰੈਲ ਨੂੰ ਪੁਲਸ ਦੇ ਕੋਲ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਉਪਰੰਤ ਪੁਲਸ ਨੇ 15 ਜੂਨ ਨੂੰ ਇਸ ਕੇਸ 'ਚ ਅਦਾਲਤ 'ਚ 100 ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਸੀ। ਪੁਲਸ ਨੇ ਇਸ ਕੇਸ 'ਚ ਆਟੋ ਚਾਲਕ ਸਮੇਤ ਕੁੱਲ 55 ਲੋਕਾਂ ਨੂੰ ਸਰਕਾਰੀ ਗਵਾਹ ਬਣਾਇਆ ਹੈ। ਅਦਾਲਤ ਨੇ ਸੀਰਤ ਢਿੱਲੋਂ ਖਿਲਾਫ ਚਾਰਜ ਫਰੇਮ ਕਰ ਦਿੱਤੇ ਹਨ ਤੇ 17 ਅਗਸਤ ਤੋਂ ਕੇਸ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਅਦਾਲਤ 'ਚ ਇਕ-ਇਕ ਕਰਕੇ ਸਾਰੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ ।
 


Related News