ਰੰਜਿਸ਼ਨ ਘੇਰ ਕੇ ਮਾਰਨ ਦਾ ਯਤਨ, ਕਾਰ ਦੀ ਕੀਤੀ ਭੰਨ-ਤੋੜ, 5 ਨਾਮਜ਼ਦ

Sunday, Jan 21, 2018 - 02:10 AM (IST)

ਰੰਜਿਸ਼ਨ ਘੇਰ ਕੇ ਮਾਰਨ ਦਾ ਯਤਨ, ਕਾਰ ਦੀ ਕੀਤੀ ਭੰਨ-ਤੋੜ, 5 ਨਾਮਜ਼ਦ

ਮੋਗਾ,  (ਆਜ਼ਾਦ)-  ਪਿੰਡ ਮਾਹਲਾ ਕਲਾਂ ਨਿਵਾਸੀ ਦਰਸ਼ਨ ਸਿੰਘ ਨੂੰ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਘੇਰ ਕੇ ਮਾਰਨ ਦਾ ਯਤਨ ਕਰਨ ਦੇ ਇਲਾਵਾ ਉਸ ਦੀ ਕਾਰ ਦੀ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦਰਸ਼ਨ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਕਰੀਬ 8-9 ਮਹੀਨੇ ਪਹਿਲਾਂ ਦੋਸ਼ੀ ਰਣਜੋਧ ਸਿੰਘ ਉਰਫ ਲਾਡੀ ਨਿਵਾਸੀ ਪਿੰਡ ਮਾਹਲਾ ਕਲਾਂ ਦਾ ਪਿੰਡ ਦੇ ਹੀ ਇਕ ਨੌਜਵਾਨ ਲੜਕੇ ਕੁਲਦੀਪ ਸਿੰਘ ਨਾਲ ਝਗੜਾ ਹੋਇਆ ਸੀ। ਮੈਂ ਦੋਵਾਂ ਧਿਰਾਂ ਨੂੰ ਸਮਝਾ ਕੇ ਉਨ੍ਹਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਸੀ ਪਰ ਕੁੱਝ ਸਮੇਂ ਬਾਅਦ ਫਿਰ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ 'ਚ ਕੁਲਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਦਾਖਲ ਕਰਵਾਇਆ, ਜਿਸ ਕਾਰਨ ਰਣਜੋਧ ਸਿੰਘ ਉਰਫ ਲਾਡੀ ਅਤੇ ਉਸ ਦੇ ਪਰਿਵਾਰ ਵਾਲੇ ਮੇਰੇ 'ਤੇ ਦੋਸ਼ ਲਾ ਰਹੇ ਸਨ ਕਿ ਉਹ ਸਾਡਾ ਵਿਰੋਧ ਕਰ ਰਿਹਾ ਹੈ।
ਇਸ ਰੰਜਿਸ਼ ਕਾਰਨ ਜਦ ਮੈਂ ਆਪਣੀ ਕਾਰ 'ਚ ਮੁੱਦਕੀ ਤੋਂ ਮਾਹਲਾ ਕਲਾਂ ਨੂੰ ਆ ਰਿਹਾ ਸੀ ਤਾਂ ਰਸਤੇ 'ਚ ਰਣਜੋਧ ਸਿੰਘ ਉਰਫ ਲਾਡੀ ਨੇ ਆਪਣੇ ਚਾਰ ਅਣਪਛਾਤੇ ਹਥਿਆਰਬੰਦ ਸਾਥੀਆਂ ਨੂੰ ਲੈ ਕੇ ਮੈਨੂੰ ਘੇਰਨ ਦਾ ਯਤਨ ਕੀਤਾ ਪਰ ਮੈਂ ਕਿਸੇ ਤਰ੍ਹਾਂ ਉਨ੍ਹਾਂ ਦੇ ਕਾਬੂ ਨਾ ਆਇਆ ਅਤੇ ਜਦੋਂ ਮੈਂ ਪਿੰਡ ਦਾ ਮੋੜ ਮੁੜਨ ਲੱਗਾ ਤਾਂ ਉਨ੍ਹਾਂ ਮੇਰੇ 'ਤੇ ਜਾਨਲੇਵਾ ਹਮਲਾ ਕਰਨ ਦੀ ਨੀਅਤ ਨਾਲ ਆਪਣੇ ਹਥਿਆਰਾਂ ਨਾਲ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਮੈਂ ਉਥੋਂ ਦਿਲਬਾਗ ਸਿੰਘ ਦੇ ਘਰ 'ਚ ਦਾਖਲ ਹੋ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਏ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।

ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਚੌਕੀ ਨੱਥੂਵਾਲਾ ਗਰਬੀ ਦੇ ਹੌਲਦਾਰ ਗੁਰਚਰਨ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਤੋਂ ਬਾਅਦ ਰਣਜੋਧ ਸਿੰਘ ਉਰਫ ਲਾਡੀ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News