ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ''ਚ ਫਸੀਆਂ ਦੋ ਲੜਕੀਆਂ ਦੀ ਹੋਈ ਵਤਨ ਵਾਪਸੀ

Monday, Aug 07, 2023 - 12:54 AM (IST)

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ''ਚ ਫਸੀਆਂ ਦੋ ਲੜਕੀਆਂ ਦੀ ਹੋਈ ਵਤਨ ਵਾਪਸੀ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ) : ਪਿਛਲੇ 2 ਮਹੀਨਿਆਂ ਤੋਂ ਇਰਾਕ 'ਚ ਫਸੀਆਂ ਪੰਜਾਬ ਦੀਆਂ 2 ਧੀਆਂ ਨੂੰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਭਾਰਤ ਲਿਆਂਦਾ ਗਿਆ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਸਾਡੀ ਮਦਦ ਨਾ ਕਰਦੀ ਤਾਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲਣਾ ਅਸੰਭਵ ਸੀ। ਪੀੜਤ ਲੜਕੀਆਂ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਕੇ-ਸਬੰਧੀਆਂ ਤੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਅਜਿਹੇ ਸੁਫਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਝਾਂਸੇ 'ਚ ਆ ਗਈਆਂ।

ਇਹ ਵੀ ਪੜ੍ਹੋ : ਚੋਰਾਂ ਨੇ 66 ਦੁਕਾਨਾਂ ਦੇ ਤੋੜੇ ਜਿੰਦੇ, ਚੋਰੀ ਕੀਤੇ ਟਮਾਟਰ ਤੇ ਅਦਰਕ, ਦੁਕਾਨਦਾਰਾਂ ਦਾ ਹੋਇਆ ਲੱਖਾਂ ਦਾ ਨੁਕਸਾਨ

ਵਾਪਸ ਪਰਤੀ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸੀਮਾ (ਬਦਲਿਆ ਨਾਂ) ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਮੀਰਾ ਨਾਂ ਦੀ ਔਰਤ ਨੇ ਉਸ ਨਾਲ ਸੰਪਰਕ ਕੀਤਾ ਸੀ। ਮੀਰਾ ਨੇ ਉਸ ਨੂੰ ਘਰੇਲੂ ਕੰਮ ਦਾ ਕਹਿ ਕੇ ਗਰੀਸ ਭੇਜਣ ਦਾ ਲਾਰਾ ਲਾਇਆ ਤੇ ਮੋਟੀ ਤਨਖਾਹ ਦਾ ਲਾਲਚ ਵੀ ਦਿੱਤਾ ਸੀ ਪਰ ਮੀਰਾ ਨੇ ਗਰੀਸ ਭੇਜਣ ਦੀ ਥਾਂ ਧੋਖੇ ਨਾਲ ਇਰਾਕ  ਭੇਜ ਦਿੱਤਾ ਤੇ ਉਥੇ ਵੀ ਇਕ ਕੰਪਨੀ ਕੋਲ ਉਸ ਨੂੰ ਵੇਚ ਦਿੱਤਾ। ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਸੀ। ਉਸ ਨੇ ਦੱਸਿਆ ਕਿ ਜਿੱਥੇ ਉਸ ਨੂੰ ਰੱਖਿਆ ਗਿਆ, ਉਹ ਇਕ ਦਫ਼ਤਰ ਸੀ। ਪੀੜਤਾ ਨੇ ਦੱਸਿਆ ਕਿ ਉਸ ਨੂੰ ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦੇ ਪਿਤਾ ਨੂੰ ਅਧਰੰਗ ਦਾ ਅਟੈਕ ਹੋ ਜਾਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ। ਇਸੇ ਕਰਕੇ ਉਸ ਨੇ ਮੀਰਾ ਦੀ ਗੱਲ ਮੰਨ ਕੇ ਵਿਦੇਸ਼ ਜਾਣ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਚੰਦਰਯਾਨ-3 ਨੇ ਚੰਦਰਮਾ ਦੀ ਭੇਜੀ ਪਹਿਲੀ ਵੀਡੀਓ, ਤੁਸੀਂ ਵੀ ਦੇਖੋ ਸ਼ਾਨਦਾਰ ਨਜ਼ਾਰਾ

ਉਸ ਦੇ ਨਾਲ ਹੀ ਪਰਤੀ ਜ਼ਿਲ੍ਹਾ ਫਿਰੋਜ਼ਪੁਰ ਦੀ ਲੜਕੀ ਹੇਮਾ (ਬਦਲਿਆ ਨਾਂ) ਨੇ ਦੱਸਿਆ ਕਿ ਉਸ ਨੂੰ ਵੀ ਮੀਰਾ ਵੱਲੋਂ ਹੀ ਫਸਾਇਆ ਗਿਆ ਸੀ। ਮੀਰਾ ਨੇ ਉਸ ਨੂੰ ਹਾਂਗਕਾਂਗ ਭੇਜਣ ਦਾ ਲਾਰਾ ਲਾਇਆ ਸੀ ਤੇ ਮੋਟੀ ਤਨਖਾਹ ਦਾ ਲਾਲਚ ਦਿੱਤਾ ਸੀ ਪਰ ਉਸ ਨੂੰ ਇਰਾਕ ਭੇਜ ਕੇ ਉਥੇ ਵੇਚ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਿਸ ਦਫ਼ਤਰ 'ਚ ਉਨ੍ਹਾਂ ਨੂੰ ਰੱਖਿਆ ਗਿਆ, ਉਨ੍ਹਾਂ ਵੱਲੋਂ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ। ਹੇਮਾ ਨੇ ਦਾਅਵਾ ਕੀਤਾ ਕਿ ਉਸ ਦੇ ਵਾਂਗ ਹੀ ਇਰਾਕ 'ਚ 30 ਤੋਂ 40 ਲੜਕੀਆਂ ਹੋਰ ਫਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਗਾਹਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਉਨ੍ਹਾਂ ਕੋਲੋਂ ਗਲਤ ਕੰਮ ਕਰਵਾਏ ਜਾਂਦੇ ਹਨ। ਦੋਵਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ। ਉਨ੍ਹਾਂ ਬਿਨਾਂ ਦੇਰ ਕੀਤਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਤੇ ਇਰਾਕ ਵਿਚਲੀ ਭਾਰਤੀ ਅੰਬੈਸੀ ਕੋਲ ਉਠਾਇਆ ਸੀ। ਲੜਕੀਆਂ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕਰਕੇ ਭੇਜੇ ਗਏ ਸਨ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਐਜੂਸੈੱਟ 'ਤੇ ਕਰਵਾਏ ਜਾਣਗੇ ਲਾਈਵ ਲੈਕਚਰ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵਾਂ ਲੜਕੀਆਂ ਦੇ ਪੀੜਤ ਪਰਿਵਾਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਇਰਾਕ 'ਚ ਫਸੀਆਂ ਹਨ, ਜਿਨ੍ਹਾਂ ਨੂੰ ਛੱਡਣ ਲਈ ਟ੍ਰੈਵਲ ਏਜੰਟ ਵੱਲੋਂ ਉਨ੍ਹਾਂ ਕੋਲੋਂ 10 ਤੋਂ 12 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਚਿੱਠੀ ਰਾਹੀਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ 'ਚ ਲਿਆਂਦਾ ਗਿਆ, ਜਿਸ 'ਤੇ ਉੱਥੋਂ ਦੀ ਭਾਰਤੀ ਅੰਬੈਸੀ ਤੇ ਵਿਦੇਸ਼ ਮੰਤਰਾਲੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਇਹ ਲੜਕੀਆਂ ਬਿਨਾਂ ਪੈਸੇ ਦਿੱਤਿਆਂ ਕਰੀਬ 20 ਦਿਨਾਂ 'ਚ ਆਪਣੇ ਘਰ ਵਾਪਸ ਆ ਗਈਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ 'ਚ ਸ਼ੋਸ਼ਣ ਲਗਾਤਾਰ ਜਾਰੀ ਹੈ। ਉਹ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਏਜੰਟਾਂ ਤੇ ਉੱਥੋਂ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰਵਾ ਲਿਆ ਕਰਨ ਤਾਂ ਜੋ ਲੜਕੀਆਂ ਇਸ ਦੀਆਂ ਸ਼ਿਕਾਰ ਨਾ ਹੋਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News