ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

Thursday, Feb 08, 2018 - 07:48 AM (IST)

ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ

ਅੰਮ੍ਰਿਤਸਰ, (ਦਲਜੀਤ)- ਬੀ. ਐੱਡ. ਅਧਿਆਪਕ ਫਰੰਟ ਨੇ ਪ੍ਰਾਇਮਰੀ ਸਕੂਲਾਂ 'ਚ ਸਾਲ 2001 ਤੋਂ ਬਾਅਦ ਨੌਕਰੀ 'ਤੇ ਲੱਗੇ ਬੀ. ਐੱਡ. ਅਧਿਆਪਕਾਂ 'ਤੇ ਜ਼ਬਰਦਸਤੀ ਬ੍ਰਿਜ ਕੋਰਸ ਥੋਪਣ ਅਤੇ ਮਿਡਲ ਸਕੂਲਾਂ 'ਚੋਂ ਅਸਾਮੀਆਂ ਦੇ ਉਜਾੜੇ ਵਿਰੁੱਧ ਅੱਜ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦਾ ਪੁਤਲਾ ਕਚਹਿਰੀ ਚੌਕ ਅੰਮ੍ਰਿਤਸਰ ਵਿਖੇ ਫੂਕਿਆ। ਜ਼ਿਲਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਤੇ ਸਰਪ੍ਰਸਤ ਸੰਜੀਵ ਕਾਲੀਆ ਦੀ ਅਗਵਾਈ 'ਚ ਹੋਏ ਰੋਸ ਪ੍ਰਦਰਸ਼ਨ ਵਿਚ ਸੈਂਕੜੇ ਅਧਿਆਪਕਾਂ ਨੇ ਸ਼ਿਰਕਤ ਕਰਦਿਆਂ ਉਪਰੋਕਤ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਅਧਿਆਪਕ ਆਗੂਆਂ ਅਮਰਜੀਤ ਸਿੰਘ ਕਲੇਰ, ਅਮਰੀਕ ਸਿੰਘ ਤੇ ਜ਼ਿਲਾ ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਇਹ ਅਧਿਆਪਕ ਪਿਛਲੇ 17 ਸਾਲਾਂ ਤੋਂ ਸਕੂਲਾਂ ਵਿਚ ਸਫਲਤਾਪੂਰਵਕ ਪੜ੍ਹਾਉਂਦੇ ਆ ਰਹੇ ਹਨ, ਜਿਨ੍ਹਾਂ 'ਤੇ ਸਰਕਾਰ ਵੱਲੋਂ ਬ੍ਰਿਜ ਕੋਰਸ ਕਰਨ ਦੀ ਬੇਲੋੜੀ ਸ਼ਰਤ ਲਾ ਕੇ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬੇਲੋੜੇ ਕੋਰਸ ਨਾਲ ਅਧਿਆਪਕਾਂ 'ਤੇ ਨਾ ਸਿਰਫ ਆਰਥਿਕ ਬੋਝ ਪਵੇਗਾ ਸਗੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸਰਕਾਰੀਆ ਨੇ ਰੋਹ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਫਰੰਟ ਨੂੰ ਆਪਣੀਆਂ ਮੰਗਾਂ 'ਤੇ ਵਿਚਾਰ-ਵਟਾਂਦਰੇ ਲਈ ਪੈਨਲ ਮੀਟਿੰਗ ਦਾ ਸਮਾਂ ਨਹੀਂ ਦਿੰਦੇ ਤਾਂ ਫਰੰਟ 25 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਦੀਨਾਨਗਰ ਵਿਚ ਸੂਬਾ ਪੱਧਰੀ ਰੈਲੀ ਕਰੇਗਾ। ਅਧਿਆਪਕ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰੰਟ ਬ੍ਰਿਜ ਕੋਰਸ ਦੇ ਪੱਤਰ ਨੂੰ ਮੁੱਢੋਂ ਰੱਦ ਕਰਦਾ ਹੈ ਤੇ ਇਸ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਬੀ. ਐੱਡ. ਫਰੰਟ 'ਚੋਂ ਆਗੂ ਦਿਨੇਸ਼ ਭੱਲਾ ਤੇ ਸੁਲਤਾਨਪਾਲ ਸਿੰਘ ਸਮੇਤ ਭਰਾਤਰੀ ਜਥੇਬੰਦੀਆਂ 'ਚੋਂ ਈ. ਟੀ. ਯੂ. ਤੋਂ ਮਨਜੀਤ ਸਿੰਘ ਕੱਦਗਿਲ ਤੇ ਸੁਖਵਿੰਦਰ ਸਿੰਘ ਮਾਨ, ਜੀ. ਟੀ. ਯੂ. ਤੋਂ ਮੰਗਲ ਟਾਡਾ, ਜੀ. ਐੱਸ. ਟੀ. ਯੂ. ਤੋਂ ਲਵਲੀਨਪਾਲ ਸਿੰਘ, ਸੁੱਚਾ ਸਿੰਘ ਅਜਨਾਲਾ ਸੀਟੂ ਆਦਿ ਆਗੂਆਂ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ।
ਇਸ ਮੌਕੇ ਰਣਧੀਰ ਸਿੰਘ ਤਹਿਸੀਲ ਪ੍ਰਧਾਨ ਰਈਆ, ਸਤਿੰਦਰ ਸਿੰਘ ਪ੍ਰਧਾਨ ਮਜੀਠਾ-2, ਲਖਵਿੰਦਰ ਸਿੰਘ ਚੰਡੇ ਪ੍ਰਧਾਨ ਮਜੀਠਾ, ਨਵਦੀਪ ਸਿੰਘ ਸੋਹੀ ਪ੍ਰਧਾਨ ਤਰਸਿੱਕਾ, ਬਿਕਰਮ ਚੀਮਾ ਪ੍ਰਧਾਨ ਰਈਆ 1, ਗੁਰਬਿੰਦਰ ਸਿੰਘ ਪ੍ਰਧਾਨ ਰਈਆ-2, ਤਰਸੇਮ ਲਾਲ ਤਹਿਸੀਲ ਪ੍ਰਧਾਨ ਅਜਨਾਲਾ, ਨਰਿੰਦਰ ਸਿੰਘ ਸ਼ਰਮਾ ਪ੍ਰਧਾਨ ਚੋਗਾਵਾਂ-1, ਸੁਖਵਿੰਦਰ ਸਿੰਘ ਪ੍ਰਧਾਨ ਚੋਗਾਵਾਂ-2, ਜਰਨੈਲ ਸਿਘ ਪ੍ਰਧਾਨ ਅਜਨਾਲਾ-2, ਸਰਬਜੀਤ ਸਿੰਘ ਪ੍ਰਧਾਨ ਅਜਨਾਲਾ-1, ਪ੍ਰਧਾਨ ਭੁਪਿੰਦਰ ਸਿੰਘ ਗਿੱਲ ਵੇਰਕਾ, ਬਿਕਰਮਜੀਤ ਸਿੰਘ ਪ੍ਰਧਾਨ ਅੰਮ੍ਰਿਤਸਰ-2, ਰਣਜੀਤ ਸਿੰਘ ਪ੍ਰਧਾਨ ਅੰਮ੍ਰਿਤਸਰ-1, ਪਰਜਿੰਦਰ ਸਿੰਘ ਪ੍ਰਧਾਨ ਅੰਮ੍ਰਿਤਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਸਾਥੀ ਹਾਜ਼ਰ ਸਨ।


Related News