ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’

Sunday, Mar 12, 2023 - 01:15 AM (IST)

ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇਕ ਦਿਨ ’ਚ ਇਕ ਲੱਖ ਤੋਂ ਵੱਧ ਦਾਖ਼ਲੇ ਕਰਨ ਦਾ ਇਤਿਹਾਸਕ ਰਿਕਾਰਡ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦਾਖ਼ਲਾ ਮੁਹਿੰਮ ਦੇ ਪਹਿਲੇ ਦਿਨ (10 ਮਾਰਚ, 2023) ਪੰਜਾਬ ਦੇ ਸਰਕਾਰੀ ਸਕੂਲਾਂ ’ਚ ਇਕ ਲੱਖ ਨਵੇਂ ਵਿਦਿਆਰਥੀ ਦਾਖ਼ਲ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨੂੰ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਵੇਰੇ 8 ਵਜੇ ਤੋਂ ਦੂਰ ਰਾਤ 10 ਵਜੇ ਤੱਕ ਜਾਰੀ ਰਹੀ, ਜਿਸ ਦੌਰਾਨ 100298 ਦਾਖ਼ਲੇ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ : ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ CM ਮਾਨ ਦਾ ਜਵਾਬ, ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10

ਸਿੱਖਿਆ ਮੰਤਰੀ ਨੇ ਦੱਸਿਆ ਕਿ  ਦਾਖ਼ਲਾ ਮੁਹਿੰਮ ਦਾ ਸੂਬੇ ’ਚ ਬਹੁਤ ਜ਼ਿਆਦਾ ਉਤਸ਼ਾਹ ਸੀ ਕਿ ਵਿਭਾਗ ਦੀ ਵੈੱਬਸਾਈਟ ਵੀ ਡਾਊਨ ਹੋ ਗਈ ਸੀ, ਜਿਸ ਕਾਰਨ ਦਾਖ਼ਲਿਆਂ ਸਬੰਧੀ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਦਾਖ਼ਲਾ ਮੁਹਿੰਮ ਦੌਰਾਨ ਵੱਡੇ ਪੱਧਰ ’ਤੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ’ਚੋਂ ਨਾਂ ਕਟਵਾ ਕੇ ਸਰਕਾਰੀ ਸਕੂਲਾਂ ’ਚ ਦਾਖ਼ਲੇ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ ਤੈਅ ਟੀਚੇ ਦੀ ਥਾਂ 134.6 ਫੀਸਦੀ ਦਾਖ਼ਲੇ, ਜਦਕਿ ਫ਼ਿਰੋਜ਼ਪੁਰ, ਬਰਨਾਲਾ, ਅੰਮ੍ਰਿਤਸਰ, ਬਠਿੰਡਾ, ਕਪੂਰਥਲਾ, ਪਟਿਆਲਾ, ਐੱਸ. ਬੀ. ਐੱਸ. ਨਗਰ, ਮਾਲੇਰਕੋਟਲਾ, ਫਾਜ਼ਿਲਕਾ, ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ’ਚ ਵੀ 128.28 ਫੀਸਦੀ ਤੋਂ 103.44 ਦਾਖ਼ਲੇ ਦਰਜ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਟਰਾਲੇ ਦੀ ਟਰੱਕਾਂ ਨਾਲ ਹੋਈ ਭਿਆਨਕ ਟੱਕਰ ਮਗਰੋਂ ਲੱਗੀ ਅੱਗ, 2 ਵਿਅਕਤੀ ਜ਼ਿੰਦਾ ਸੜੇ

ਬੈਂਸ ਨੇ ਕਿਹਾ ਕਿ ਦਾਖ਼ਲਾ ਮੁਹਿੰਮ ਨੂੰ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਤੀ ਅਪਣਾਈ ਗਈ ਨੀਤੀ ’ਤੇ ਲੋਕਾਂ ਨੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਕੂਲ ਸਿੱਖਿਆ ’ਚ ਸੁਧਾਰ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਸਕੂਲ ਆਫ਼ ਐਮੀਨੈਂਸ, ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਕਰਵਾਉਣ, ਨਵੇਂ ਕਮਰਿਆਂ ਦੀ ਉਸਾਰੀ ਕਰਵਾਉਣ, ਸਕੂਲੀ ਵਿਦਿਆਰਥੀਆਂ ਨੂੰ ਸਾਫ਼-ਸੁਥਰੇ ਬਾਥਰੂਮ ਉਪਲੱਬਧ ਕਰਵਾਉਣ ਤੋਂ ਇਲਾਵਾ ਸਮੇਂ ਸਿਰ ਸਕੂਲੀ ਵਰਦੀਆਂ ਤੇ ਕਿਤਾਬਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਹਿਲੇ ਸਾਲ ਵਿੱਚ ਹੀ ਸਭ ਤੋਂ ਵੱਧ ਅਧਿਆਪਕ ਵੀ ਭਰਤੀ ਕੀਤੇ ਗਏ ਹਨ । ਬੈਂਸ ਨੇ ਕਿਹਾ ਕਿ ਇਹ ਮੁਹਿੰਮ 31 ਮਾਰਚ 2023 ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਵਿੱਚ ਜਾਰੀ ਰਹੇਗੀ। ਅਖ਼ੀਰ ਵਿੱਚ ਉਹਨਾਂ ਕਿਹਾ ਕਿ ਦਾਖ਼ਲਿਆਂ ਸਬੰਧੀ ਮਿੱਥਿਆ ਗਿਆ ਟੀਚਾ ਸਾਰੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਹਾਸਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ


author

Manoj

Content Editor

Related News