ED ਦੇ ਰਡਾਰ ''ਤੇ ਮੋਹਾਲੀ - ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਅਤੇ ਡਿਵੈਲਪਰ, ਜਾਣੋ ਪੂਰਾ ਮਾਮਲਾ
Thursday, May 07, 2026 - 05:59 PM (IST)
ਲੁਧਿਆਣਾ (ਹਿਤੇਸ਼): ਈ.ਡੀ. ਵੱਲੋਂ ਵੀਰਵਾਰ ਨੂੰ ਮੋਹਾਲੀ - ਚੰਡੀਗੜ੍ਹ ਵਿਚ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਕਾਰਵਾਈ ਕਾਰਨ ਰੀਅਲ ਅਸਟੇਟ ਸੈਕਟਰ ਵਿਚ ਹੜਕੰਪ ਮਚ ਗਿਆ ਹੈ। ਇਸ ਕਾਰਵਾਈ ਦੌਰਾਨ ਮੋਹਾਲੀ - ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਅਤੇ ਡਿਵੈਲਪਰ ਈ.ਡੀ. ਦੇ ਰਡਾਰ 'ਤੇ ਆ ਗਏ ਹਨ। ਇਹ ਮਾਮਲਾ ਸੀ.ਐੱਲ.ਯੂ. ਫਰਾਡ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸ ਵਿਚ ਮੋਹਾਲੀ-ਚੰਡੀਗੜ੍ਹ ਦੇ ਦੋ ਪ੍ਰਮੁੱਖ ਬਿਲਡਰਾਂ ਅਤੇ ਡਿਵੈਲਪਰਾਂ ਵੱਲੋਂ ਕੁਝ ਸਮਾਂ ਪਹਿਲਾਂ ਮੈਗਾ ਪ੍ਰਾਜੈਕਟ ਦੀ ਮਨਜ਼ੂਰੀ ਲਈ ਗਈ ਸੀ। ਪਰ ਉਸ ਸਮੇਂ ਉਨ੍ਹਾਂ ਕੋਲ ਦਿਖਾਈ ਗਈ ਪੂਰੀ ਜ਼ਮੀਨ ਦੀ ਰਜਿਸਟਰੀ ਨਹੀਂ ਸੀ, ਜਿਸ ਦਾ ਖੁਲਾਸਾ ਕਈ ਜ਼ਮੀਨ ਮਾਲਕਾਂ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਹੋਇਆ ਹੈ।
ਸ਼ਿਕਾਇਤ ਅਨੁਸਾਰ, ਉਕਤ ਬਿਲਡਰਾਂ ਅਤੇ ਡਿਵੈਲਪਰਾਂ ਵੱਲੋਂ ਜ਼ਮੀਨ ਮਾਲਕਾਂ ਦੇ ਨਾਂ 'ਤੇ ਫਰਜ਼ੀ ਤਰੀਕੇ ਨਾਲ ਸਹਿਮਤੀ ਦੇ ਕੇ ਸੀ.ਐੱਲ.ਯੂ. ਦੀ ਮਨਜ਼ੂਰੀ ਲਈ ਗਈ ਹੈ। ਇਸ ਸਬੰਧੀ ਦਰਜ ਕੇਸ ਨੂੰ ਈ.ਡੀ. ਦੀ ਕਾਰਵਾਈ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਬਿਲਡਰਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆ ਗਿਆ ਹੈ, ਜਿਨ੍ਹਾਂ ਨੇ ਮੈਗਾ ਪ੍ਰਾਜੈਕਟ ਵਿਚ ਜ਼ਮੀਨ ਖਰੀਦੀ ਹੋਈ ਹੈ। ਇਨ੍ਹਾਂ ਸਾਰੇ ਲੋਕਾਂ ਦੇ ਬੈਂਕ ਵੇਰਵਿਆਂ ਅਤੇ ਪ੍ਰਾਪਰਟੀ ਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ ਵਿਚ ਹੋਰ ਲੋਕਾਂ 'ਤੇ ਵੀ ਈ.ਡੀ. ਦਾ ਸ਼ਿਕੰਜਾ ਕੱਸ ਸਕਦਾ ਹੈ।
ਈ.ਡੀ. ਦੀ ਇਸ ਕਾਰਵਾਈ ਨਾਲ ਗਮਾਡਾ (GMADA) ਦੇ ਅਧਿਕਾਰੀਆਂ ਦੇ ਹੋਸ਼ ਉੱਡ ਗਏ ਹਨ ਅਤੇ ਸੂਤਰਾਂ ਅਨੁਸਾਰ ਕਈ ਅਫਸਰ ਫੋਨ ਬੰਦ ਕਰਕੇ ਗਾਇਬ ਹੋ ਗਏ ਹਨ। ਇਹ ਮਾਮਲਾ ਮੈਗਾ ਪ੍ਰਾਜੈਕਟ ਦੇ ਸੀ.ਐੱਲ.ਯੂ. ਫਰਾਡ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਕੁਝ ਅਧਿਕਾਰੀਆਂ ਵੱਲੋਂ ਗਲਤ ਤਰੀਕੇ ਨਾਲ ਮਨਜ਼ੂਰੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੂਰੀ ਰਜਿਸਟਰੀ ਨਾ ਹੋਣ ਕਾਰਨ ਵਿਵਾਦਾਂ ਵਿਚ ਆਏ ਸੀ.ਐੱਲ.ਯੂ. ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿਚ ਵੱਡੇ ਨੇਤਾਵਾਂ ਦੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਅਤੇ ਇਕ ਕਰੀਬੀ ਦੇ ਫਲੈਟ 'ਤੇ ਹੋਈ ਛਾਪੇਮਾਰੀ ਵਿਚ ਭਾਰੀ ਮਾਤਰਾ ਵਿਚ ਨਕਦੀ (ਕੈਸ਼) ਬਰਾਮਦ ਹੋਈ ਹੈ। ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਸਭ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿਚ ਗਮਾਡਾ ਦੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਹੋਰ ਵਧਣ ਦੀ ਸੰਭਾਵਨਾ ਹੈ।
