''ਈ-ਸਾਥੀ'' ਐਪ ਰਾਹੀਂ ਪੁਲਸ ਕਰੇਗੀ ਸਾਰੇ ਕੰਮ, ਨਹੀਂ ਜਾਣਾ ਪਵੇਗਾ ਥਾਣੇ

10/07/2019 4:30:35 PM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਬੀਟ ਬਾਕਸ 'ਤੇ ਤਾਇਨਾਤ ਜਵਾਨਾਂ ਨੂੰ ਈ-ਸਾਥੀ ਐਪ ਇਕ ਹਜ਼ਾਰ ਲੋਕਾਂ ਦੇ ਮੋਬਾਇਲ 'ਚ ਡਾਊਨਲੋਡ ਕਰਾਉਣ ਦਾ ਟੀਚਾ ਮਿਲਿਆ ਹੈ। ਡਾਊਨਲੋਡ ਕਰਾਉਣ ਤੋਂ ਬਾਅਦ ਬੀਟ ਬਾਕਸ ਜਵਾਨਾਂ ਨੂੰ ਲੋਕਾਂ ਨੂੰ ਈ-ਸਾਥੀ ਐਪ ਨਾਲ ਜੁੜੀ ਸਾਰੀ ਜਾਣਕਾਰੀ ਦੇਣੀ ਹੋਵੇਗੀ। ਹਰ ਪੁਲਸ ਮੁਲਾਜ਼ਮ ਨੂੰ ਐਪ ਡਾਊਨਲੋਡ ਕਰਾਉਣ ਵਾਲੇ ਦਾ ਮੋਬਾਇਲ ਨੰਬਰ ਅਤੇ ਪਤਾ ਵੀ ਨੋਟ ਕਰ ਕੇ ਰਿਕਾਰਡ ਬਣਾਉਣਾ ਪਵੇਗਾ। ਇਹ ਹੁਕਮ ਚੰਡੀਗੜ੍ਹ ਪੁਲਸ ਦੇ ਆਲਾ ਅਫਸਰਾਂ ਨੇ ਬੀਟ ਜਵਾਨਾਂ ਨੂੰ ਦਿੱਤਾ ਹੈ। ਬੀਟ ਬਾਕਸ ਦੇ ਜਵਾਨ ਹੁਣ ਲੋਕਾਂ ਨੂੰ ਫੜ੍ਹ-ਫੜ੍ਹ ਕੇ ਐਪ ਡਾਊਨਲੋਡ ਕਰਵਾਉਣ 'ਚ ਲੱਗੇ ਹੋਏ ਹਨ। ਪੁਲਸ ਕਰਮੀ ਆਪਣੇ ਜਾਣਕਾਰਾਂ ਦਾ ਈ-ਸਾਥੀ ਐਪ ਡਾਊਨਲੋਡ ਕਰਨ ਲਈ ਵਟਸਐਪ 'ਤੇ ਮੈਸਜ ਲਗਾਤਾਰ ਭੇਜਣ 'ਚ ਲੱਗੇ ਹੋਏ ਹਨ।
ਈ-ਸਾਥੀ ਐਪ 'ਤੇ ਮਿਲਣਗੀਆਂ ਇਹ ਸਹੂਲਤਾਵਾਂ
ਆਮ ਲੋਕ ਈ-ਸਾਥੀ ਐਪ ਜ਼ਰੀਏ ਆਪਣੇ ਇਲਾਕੇ 'ਚ ਹੋਣ ਵਾਲੀਆਂ ਅਪਰਾਧਿਕ ਗਤੀਵਿਧੀਆਂ ਦੀ ਜਾਣਕਾਰੀ ਬੀਟ ਸਟਾਫ ਨੂੰ ਦੇ ਸਕਣਗੇ। ਖਾਸ ਕਰਕੇ ਨਸ਼ਾ ਵੇਚਣ, ਜੂਆ ਅਤੇ ਸੱਟੇਬਾਜ਼ੀ ਦੀ ਜਾਣਕਾਰੀ ਆਮ ਲੋਕਾਂ ਵਲੋਂ ਐਪ 'ਤੇ ਮਿਲਣ ਤੋਂ ਬਾਅਦ ਪੁਲਸ ਤੁਰੰਤ ਐਕਸ਼ਨ ਲਵੇਗੀ। ਬੀਟ ਸਟਾਫ ਨੂੰ ਐਪ ਦੇ ਜ਼ਰੀਏ ਮਿਲੀ ਹਰ ਜਾਣਕਾਰੀ 'ਤੇ ਐਕਸ਼ਨ ਲੈਣ ਤੋਂ ਬਾਅਦ ਆਲਾ ਅਫਸਰਾਂ ਨੂੰ ਰਿਪੋਰਟ ਦੇਣੀ ਹੋਵੇਗੀ। ਈ-ਸਾਥਈ ਐਪ ਦੇ ਜ਼ਰੀਏ ਸੀਨੀਅਰ ਸਿਟੀਜ਼ਨ ਪੁਲਸ ਨਾਲ ਸੰਪਰਕ 'ਚ ਰਹਿਣਗੇ। ਇਸ ਤੋਂ ਇਲਾਵਾ ਐਪ ਦੇ ਜ਼ਰੀਏ ਲੋਕ ਪਾਸਪੋਰਟ, ਕਿਰਾਏਦਾਰ, ਨੌਕਰ ਅਤੇ ਚਰਿੱਤਰ ਦੀ ਵੈਰੀਫਿਕੇਸ਼ਨ ਕਰਵਾ ਸਕਣਗੇ। ਉਨ੍ਹਾਂ ਨੂੰ ਛੋਟੇ-ਛੋਟੇ ਕੰਮਾਂ ਲਈ ਪੁਲਸ ਥਾਣੇ ਦੇ ਚੱਕਰ ਨਹੀਂ ਕੱਟਣੇ ਪੈਣਗੇ।

 


Babita

Content Editor

Related News