ਚੰਡੀਗੜ੍ਹ ਦੀਆਂ ਸੜਕਾਂ ''ਤੇ ਨਜ਼ਰ ਆਉਣਗੀਆਂ ''ਈ-ਬਾਈਕਸ''
Wednesday, Apr 24, 2019 - 02:02 PM (IST)
![ਚੰਡੀਗੜ੍ਹ ਦੀਆਂ ਸੜਕਾਂ ''ਤੇ ਨਜ਼ਰ ਆਉਣਗੀਆਂ ''ਈ-ਬਾਈਕਸ''](https://static.jagbani.com/multimedia/2019_4image_14_01_483682066ebikes.jpg)
ਚੰਡੀਗੜ੍ਹ (ਸਾਜਨ) : ਸੈਕਟਰ-19 ਦੇ 'ਲੀ-ਕਾਰਬੂਜ਼ੀਏ ਸੈਂਟਰ' ਤੋਂ ਪ੍ਰਸ਼ਾਸਨ 10 ਈ-ਬਾਈਕਸ ਚਲਾਉਣ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀ ਸ਼ਹਿਰ ਦੀ ਸੈਰ ਕਰ ਸਕਣਗੇ। ਚੋਣ ਜ਼ਾਬਤੇ ਕਾਰਨ ਫਿਲਹਾਲ ਸਿਰਫ 10 ਈ-ਬਾਈਕਸ ਹੀ ਚਲਾਈਆਂ ਜਾ ਰਹੀਆਂ ਹਨ। ਅਜੇ ਇਹ ਵੀ ਤੈਅ ਨਹੀਂ ਕੀਤਾ ਗਿਆ ਕਿ ਇਨ੍ਹਾਂ ਈ-ਬਾਈਕਸ ਦਾ ਕਿੰਨਾ ਕਿਰਾਇਆ ਰੱਖਿਆ ਜਾਵੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਈ-ਬਾਈਕ ਦੀ ਸਵਾਰੀ ਕਰਨ ਅਤੇ ਸ਼ਹਿਰ 'ਚ ਇਸ 'ਤੇ ਘੁੰਮਣ ਦੇ ਰੇਟ ਤੈਅ ਕਰ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਪ੍ਰਤੀ ਘੰਟੇ ਨਾਲ ਸਾਰੇ ਦਿਨ ਦੇ ਹਿਸਾਬ ਨਾਲ ਰੇਟ 50 ਰੁਪਏ ਤੋਂ 100 ਰੁਪਏ 'ਚ ਤੈਅ ਕੀਤੇ ਜਾ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਿਰ 'ਚ ਸੈਲੀਆਂ ਲਈ ਯੋਜਨਾ ਦਾ ਖਰੜਾ ਤਾਂ ਕਾਫੀ ਪਹਿਲਾਂ ਤਿਆਰ ਕਰ ਲਿਆ ਗਿਆ ਸੀ ਪਰ ਇਸ ਨੂੰ ਅਸਲ ਰੂਪ ਹੁਣ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੈਰ-ਸਪਾਟਾ ਵਿਭਾਗ ਚੋਣਾਂ ਤੋਂ ਬਾਅਦ ਹੋਰ ਈ-ਬਾਈਕਸ ਵੀ ਖਰੀਦ ਸਕਦਾ ਹੈ। ਵਿਭਾਗ ਦੀ ਯੋਜਨਾ ਹੈ ਕਿ ਈ-ਬਾਈਕਸ ਸੈਕਟਰ-19 ਦੇ ਲੀ-ਕਾਰਬੂਜ਼ੀਏ ਸੈਂਟਰ ਤੋਂ ਸੈਲਾਨੀ ਕਿਰਾਏ 'ਤੇ ਲੈ ਸਕਣਗੇ। ਇੱਥੋਂ ਸੁਖਨਾ ਲੇਕ, ਰਾਕ ਗਾਰਡਨ, ਰੋਜ਼ ਗਾਰਡਨ, ਸੈਕਟਰੀਏਟ ਅਤੇ ਕੈਪੀਟਲ ਕੰਪਲੈਕਸ ਤੱਕ ਜਾਇਆ ਜਾ ਸਕੇਗਾ। ਸੁਖਨਾ ਲੇਕ, ਰਾਕ ਗਾਰਡਨ ਅਤੈ ਕੈਪੀਟਲ ਕੰਪਲੈਕਸ ਕੋਲ ਵੀ ਇਸ ਦੇ ਸਟੇਸ਼ਨ ਬਣਾਏ ਜਾ ਸਕਦੇ ਹਨ। ਇੱਥੋਂ ਵੀ ਇਨ੍ਹਾਂ ਈ-ਬਾਈਕਸ ਦਾ ਸੰਚਾਲਨ ਹੋਵੇਗਾ। ਵਿਭਾਗ ਦੇ ਅਫਸਰਾਂ ਮੁਤਾਬਕ ਸ਼ਹਿਰ ਨੂੰ ਖੰਗਾਲਣ ਅਤੇ ਐਡਵੈਂਚਰ ਕਰਨ ਲਈ ਇਹ ਯੋਜਨਾ ਕਾਰਗਾਰ ਸਿੱਧ ਹੋਵੇਗੀ। ਸਸਤੇ ਰੇਟ 'ਤੇ ਸੈਲਾਨੀ ਸ਼ਹਿਰ 'ਚ ਘੁੰਮ ਸਕਣਗੇ। ਬੁੱਧਵਾਰ ਨੂੰ ਪ੍ਰਿੰਸੀਪਲ ਹੋਮ ਸੈਕਟਰੀ ਅਰੁਣ ਕੁਮਾਰ ਗੁਪਤਾ ਸੈਕਟਰ-10 ਦੇ ਪਹਿਲੇ ਪੜਾਅ 'ਟਚ 10 ਈ-ਬਾਈਕਸ ਦਾ ਉਦਘਾਟਨ ਕਰਨਗੇ।