ਬਾਦਲਾਂ ਦੇ ਖਾਸਮਖਾਸ ਕੋਲਿਆਂਵਾਲੀ ਦੇ ਮਹਿਲ ''ਚ ਵਿਜੀਲੈਂਸ ਦੀ ਰੇਡ!

12/19/2018 7:17:13 PM

ਫਰੀਦਕੋਟ :  ਬਾਦਲਾਂ ਦੇ ਖਾਸਮਖਾਸ ਅਤੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਮਹਿਲ ਨੁਮਾ ਘਰ ਵਿਚ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਜੀਲੈਂਸ ਨੇ ਅਦਾਲਤ ਵਲੋਂ ਕੋਲਿਆਂਵਾਲੀ ਦੀ ਕੋਠੀ ਦੀ ਪੈਮਾਇਸ਼ ਕਰਨ ਦੀ ਇਜਾਜ਼ਤ ਮੰਗੀ ਸੀ, ਜਿਸ 'ਤੇ ਅਦਾਲਤ ਨੇ ਕੋਠੀ 'ਤੇ ਰੇਡ ਕਰਨ ਦੇ ਹੁਕਮ ਦਿੱਤੇ ਸਨ। ਫਿਲਹਾਲ  ਕੋਲਿਆਂਵਾਲੀ ਰਿਮਾਂਡ 'ਤੇ ਚੱਲ ਰਹੇ ਹਨ। 
ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਬੀਤੀ ਦੇਰ ਸ਼ਾਮ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਪਰ ਉਦੋਂ ਅਦਾਲਤ ਵਿਚ ਛੁੱਟੀ ਹੋ ਚੁੱਕੀ ਸੀ ਜਿਸ ਕਾਰਨ ਅਕਾਲੀ ਆਗੂ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਨੇ ਅਰਜ਼ੀ ਦਾਇਰ ਕਰਕੇ ਅਕਾਲੀ ਆਗੂ ਦੀ ਪਿੰਡ ਕੋਲਿਆਂਵਾਲੀ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਪੈਮਾਈਸ਼ ਕਰਨ ਦੀ ਇਜਾਜ਼ਤ ਮੰਗੀ ਹੈ। 
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਜਥੇਦਾਰ ਵਿਰੁੱਧ ਪਹਿਲੀ ਜੁਲਾਈ ਨੂੰ ਆਮਦਨ ਦੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ 2009 ਤੋਂ 2014 ਦੌਰਾਨ ਮੁਲਜ਼ਮ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਜਾਇਦਾਦ ਬਣਾਉਣ ਸੰਬੰਧੀ ਪੜਤਾਲ ਕੀਤੀ ਗਈ ਅਤੇ ਉਸ ਵਲੋਂ ਆਪਣੇ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਦਾ ਵੱਧ ਖਰਚਾ ਬਣਦਾ ਹੈ। ਮੁਲਜ਼ਮ ਨੇ ਪਿੰਡ ਕੋਲਿਆਂਵਾਲੀ ਵਿਚ ਮਹਿਲਨੁਮਾ ਕੋਠੀ ਬਣਾਈ ਹੋਈ ਹੈ ਜਿਸ ਦੀ ਜਾਂਚ ਕੀਤੀ ਜਾਣੀ ਹੈ। ਜਿਸ 'ਤੇ ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦਿਆਲ ਸਿੰਘ ਦੀ ਪਿੰਡ ਕੋਲਿਆਂਵਾਲੀ ਸਥਿਤ ਰਿਹਾਇਸ਼ ਦੀ ਪੈਮਾਇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਦੀ ਕੋਠੀ ਵਿਚ ਦਬਿਸ਼ ਕੀਤੀ ਗਈ।


Gurminder Singh

Content Editor

Related News