ਸਫਰ ਦੌਰਾਨ ਨੌਜਵਾਨ ਦੀ ਮੌਤ, ਜਲੰਧਰ ਰੇਲਵੇ ਸਟੇਸ਼ਨ ‘ਤੇ ਪਿਆ ਚੀਕ-ਚਿਹਾੜਾ

05/15/2019 11:55:42 PM

ਜਲੰਧਰ (ਗੁਲਸ਼ਨ )-ਬੁੱਧਵਾਰ ਦੁਪਹਿਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. ਇਕ ’ਤੇ ਪਹੁੰਚੀ ਕਟਿਹਾਰ ਐਕਸਪ੍ਰੈੱਸ 15707 ਤੋਂ ਇਕ 18 ਸਾਲ ਦੇ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ’ਚ ਟਰੇਨ ਤੋਂ ਉਤਾਰਿਆ ਗਿਆ। ਰੇਲਵੇ ਡਾਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ। ਚੈੱਕ ਕਰਨ ਦੇ ਬਾਅਦ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਚੀਕ-ਚਿਹਾੜਾ ਸ਼ੁਰੂ ਕਰ ਦਿੱਤਾ। ਪੂਰੇ ਸਟੇਸ਼ਨ ’ਤੇ ਚੀਕ-ਚਿਹਾੜਾ ਮਚ ਗਿਆ।

ਜਾਣਕਾਰੀ ਮੁਤਾਬਕ ਦਿਨੇਸ਼ ਕੁਮਾਰ ਆਪਣੇ ਬੇਟੇ ਸੰਦੀਪ ਅਤੇ ਪਤਨੀ ਦੇ ਨਾਲ ਕਟਿਹਾਰ ਐਕਸਪ੍ਰੈੱਸ ’ਚ ਸਮੱਸਤੀਪੁਰ ਜ਼ਿਲੇ ’ਚ ਪੈਂਦੇ ਪਿੰਡ ਸਹਿਜਪੁਰ ਤੋਂ ਜਲੰਧਰ ਆ ਰਹੇ ਸਨ। ਇਨ੍ਹਾਂ ਦੀਆਂ ਕਟਿਹਾਰ ਐਕਸਪ੍ਰੈੱਸ ’ਚ ਐੱਸ-2 ਕੋਚ ’ਚ ਇਕ, ਦੋ, ਅਤੇ ਤਿੰਨ ਨੰ. ਸੀਟਾਂ ਬੁੱਕ ਸਨ। ਟਰੇਨ ਜਦੋਂ ਲੁਧਿਆਣਾ ਤੋਂ ਤੁਰੀ ਤਾਂ ਸੰਦੀਪ ਦੀ ਤਬੀਅਤ ਖਰਾਬ ਹੋ ਗਈ। ਉਸ ਦਾ ਸਾਹ ਫੁੱਲਣ ਲੱਗਾ। ਉਨ੍ਹਾਂ ਨੇ ਸੋਚਿਆ ਕਿ ਕੁਝ ਦੇਰ ’ਚ ਜਲੰਧਰ ਪਹੁੰਚ ਜਾਣਗੇ ਪਰ ਫਗਵਾੜਾ ਪਹੁੰਚਣ ਤਕ ਸੰਦੀਪ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ। ਟਰੇਨ ਜਦੋਂ ਸਿਟੀ ਸਟੇਸ਼ਨ ਦੇ ਪਲੇਟਫਾਰਮ ਨੰ. ਇਕ ’ਤੇ ਰੁਕੀ ਤਾਂ ਉਹ ਡਿਪਟੀ ਐੱਸ . ਐੱਸ. ਦੇ ਸਾਹਮਣੇ ਐੱਸ 2 ਕੋਚ ਵਿਚੋਂ ਉਤਰੇ ਤਾਂ ਦਿਨੇਸ਼ ਤੇ ਉਨ੍ਹਾਂ ਦੀ ਪਤਨੀ ਨੇ ਰੋਣਾ ਸ਼ੁਰੂ ਕਰ ਦਿੱਤਾ। ਤੁਰੰਤ ਡਿਪਟੀ ਐੱਸ . ਐੱਸ. ਤੋਂ ਇਲਾਵਾ ਹੋਰ ਅਧਿਕਾਰੀ ਤੇ ਰੇਲਵੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਕਰਨ ਦੇ ਬਾਅਦ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੰਨਾ ਸੁਣਦੇ ਹੀ ਮਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਬੇਟੇ ਦੀ ਲਾਸ਼ ਦੇਖ ਕੇ ਉਹ ਬੇਹੋਸ਼ ਹੋ ਗਈ।

ਜੀ. ਆਰ. ਪੀ. ਦੇ ਏ. ਐੱਸ. ਆਈ. ਪਾਲ ਕੁਮਾਰ, ਆਰ. ਪੀ. ਐੱਫ. ਦੇ ਏ. ਐੱਸ. ਆਈ. ਬਿਸ਼ੰਬਰ ਦਾਸ ਤੇ ਮਹਿਲਾ ਸਟਾਫ ਨੇ ਉਨ੍ਹਾਂ ਨੂੰ ਸੰਭਾਲਿਆ। ਮ੍ਰਿਤਕ ਦੇ ਪਿਤਾ ਦਿਨੇਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਲੰਮਾ ਪਿੰਡ ਚੌਕ ਦੇ ਨੇੜੇ ਰਹਿੰਦੇ ਹਨ। ਉਨ੍ਹਾਂ ਦੇ ਦੋ ਬੇਟੇ ਹਨ ਉਹ ਅਤੇ ਉਨ੍ਹਾਂ ਦਾ ਬੇਟਾ ਪਿੰਡ ਸ਼ੇਖੇ ’ਚ ਇਕ ਪਾਈਪ ਦੀ ਫੈਕਟਰੀ ’ਚ ਕੰਮ ਕਰਦੇ ਹਨ। ਸੰਦੀਪ 18 ਸਾਲ ਦਾ ਸੀ ਤੇ ਦਿਮਾਗੀ ਤੌਰ ’ਤੇ ਵੀ ਠੀਕ ਸੀ ਉਸ ਨੂੰ ਸਾਹ ਦੀ ਤਕਲੀਫ ਸੀ । ਉਹ ਆਪਣੇ ਪਿੰਡ ਪਰਤ ਰਹੇ ਸਨ ਕਿ ਇਹ ਹਾਦਸਾ ਹੋ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਲਾਸ਼ ਨੂੰ ਪਿੰਡ ਲਿਜਾਣ ਦੀ ਗੱਲ ਕਹੀ। ਐਂਬੂਲੈਂਸ ਨੂੰ ਬੁਲਾ ਲਿਆ ਗਿਆ ਪਰ ਬਾਅਦ ’ਚ ਪਹੁੰਚੇ ਹੋਰ ਰਿਸ਼ਤੇਦਾਰਾਂ ਨੇ ਕਿਹਾ ਕਿ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਲੈਣ ਦੇ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ।


Arun chopra

Content Editor

Related News