ਚੱਕਾ ਜਾਮ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ
Thursday, Feb 08, 2018 - 07:56 AM (IST)

ਤਰਨਤਾਰਨ, (ਰਾਜੂ, ਆਹਲੂਵਾਲੀਆ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ, ਬੀਬੀਆਂ ਵੱਲੋਂ ਪਿੰਡ ਰੂੜੇਆਸਲ ਦੇ ਗੁਰਦੁਆਰਾ ਬਾਬਾ ਕਾਲੇ ਮਾਹਿਰ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ 'ਚ ਕੈਪਟਨ ਤੇ ਮੋਦੀ ਸਰਕਾਰ ਦੇ ਖਿਲਾਫ ਮਤੇ ਪਾਸ ਕੀਤੇ ਅਤੇ ਐਲਾਨ ਕੀਤਾ ਕਿ ਕਿਸੇ ਵੀ ਕਿਸਾਨ-ਮਜ਼ਦੂਰ ਦਾ ਕਰਜ਼ਾ ਨਾ ਉਗਰਾਹੁਣ ਦਿੱਤਾ ਜਾਵੇਗਾ ਅਤੇ ਨਾ ਹੀ ਕਰਜ਼ੇ ਕਾਰਨ ਕਿਸੇ ਦੀ ਕੁਰਕੀ ਹੋਣ ਦਿੱਤੀ ਜਾਵੇਗੀ। ਇਕ ਹੋਰ ਮਤੇ ਰਾਹੀਂ ਐਲਾਨ ਕੀਤਾ ਕਿ ਪੰਜਾਬ ਭਰ 'ਚ ਕਿਸੇ ਵੀ ਕਿਸਾਨ ਦੀ ਮੋਟਰ ਉੱਪਰ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਸਰਕਾਰੀ ਅਧਿਕਾਰੀਆਂ ਦੇ ਪਿੰਡਾਂ 'ਚ ਘਿਰਾਓ ਕੀਤੇ ਜਾਣਗੇ।
ਮੀਟਿੰਗ ਕਰਨ ਉਪਰੰਤ ਕਿਸਾਨਾਂ ਨੇ ਰੋਸ ਮਾਰਚ ਕਰਦੇ ਹੋਏ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਮੁਕੰਮਲ ਜਾਮ ਕਰ ਕੇ ਖੇਮਕਰਨ ਤੋਂ ਆਉਣ ਵਾਲੀ ਡੀ. ਐੱਮ. ਯੂ. ਰੋਕੀ ਤੇ ਮੁਕੰਮਲ ਆਵਾਜਾਈ ਠੱਪ ਕਰਦੇ ਹੋਏ ਪੰਜਾਬ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਪਨੂੰ, ਸਵਿੰਦਰ ਸਿੰਘ ਚੁਤਾਲਾ, ਕਸ਼ਮੀਰ ਸਿੰਘ ਪਿੱਦੀ ਨੇ ਕਿਹਾ ਕਿ ਕੈਪਟਨ ਸਰਕਾਰ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ।
ਇਸ ਸਮੇਂ ਕਿਸਾਨ ਆਗੂਆਂ ਨੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦਾ ਰਸਤਾ ਛੱਡ ਕੇ ਸੰਘਰਸ਼ਾਂ ਲਈ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਪੰਜਾਬ ਤੇ ਕੇਂਦਰ ਸਰਕਾਰ ਖਤਮ ਕਰੇ ਤੇ ਅੱਗੇ ਤੋਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ ਦੇਣ ਤੇ ਸਰਕਾਰੀ ਖਰੀਦ ਦੀ ਗਾਰੰਟੀ ਦਰਜ ਕਰੇ।
ਇਸ ਮੌਕੇ ਸਤਨਾਮ ਸਿੰਘ, ਅਨੂਪ ਸਿੰਘ, ਨਿਰਵੈਰ ਸਿੰਘ, ਸਲਵਿੰਦਰ ਸਿੰਘ, ਗੁਰਮੇਜ ਸਿੰਘ, ਕਲਵਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਸਰਵਣ ਸਿੰਘ, ਸਤਨਾਮ ਸਿੰਘ ਆਦਿ ਆਗੂ ਹਾਜ਼ਰ ਸਨ।
ਭਿੱਖੀਵਿੰਡ, (ਅਮਨ, ਸੁਖਚੈਨ)-ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਸਥਾਨਕ ਚੌਕ 'ਚ ਦੋ ਘੰਟੇ ਮੁਕੰਮਲ ਸੜਕੀ ਆਵਾਜਾਈ ਠੱਪ ਰੱਖੀ। ਇਕੱਠ ਦੀ ਅਗਵਾਈ ਜਥੇਬੰਦੀਆਂ ਦੇ ਆਗੂਆਂ ਡਾ. ਸੁਖਵੰਤ ਸਿੰਘ ਵਲਟੋਹਾ, ਦਲੇਰ ਸਿੰਘ ਰਾਜੋਕੇ, ਜੋਗਿੰਦਰ ਸਿੰਘ ਥੇਹ ਨੌਸ਼ਹਿਰਾ, ਕੈਪਟਨ ਸਿੰਘ ਬਘਿਆੜੀ, ਅਵਤਾਰ ਸਿੰਘ ਚਾਹਲ ਨੇ ਕੀਤੀ।
ਮੋਟਰਾਂ 'ਤੇ ਬਿਜਲੀ ਦੇ ਮੀਟਰ ਲਾਉਣ 'ਤੇ ਕਰਜ਼ਾ ਖਤਮ ਕਰਨ ਦੇ ਵਾਅਦੇ ਤੋਂ ਮੁਕਰਨ 'ਤੇ ਸਰਕਾਰ ਖਿਲਾਫ ਕਿਸਾਨਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ। ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ -ਖਿਲਾਫੀ ਤੋਂ ਅੱਕੇ ਗੁੱਸੇ 'ਚ ਆਏ ਕਿਸਾਨ ਪੰਜਾਬ ਭਰ 'ਚ ਦੋ ਘੰਟੇ ਲਈ ਸੜਕੀ ਆਵਾਜਾਈ ਠੱਪ ਕਰ ਕੇ ਸਰਕਾਰ ਨੂੰ ਸੰਕੇਤ ਦੇ ਰਹੇ ਹਨ ਕਿ ਉਹ ਮੋਟਰਾਂ 'ਤੇ ਬਿਜਲੀ ਦੇ ਮੀਟਰ ਲਾ ਕੇ ਬਿਜਲੀ ਬਿੱਲ ਵਸੂਲਣ ਦੀ ਨੀਤੀ ਵਾਪਸ ਲਵੇ। ਵਾਅਦੇ ਮੁਤਾਬਕ ਕਿਸਾਨਾਂ ਦਾ ਸਹਿਕਾਰੀ ਸਰਕਾਰੀ, ਪ੍ਰਾਈਵੇਟ ਬੈਂਕਾਂ ਸਮੇਤ ਆੜ੍ਹਤੀਆਂ ਦੇ ਸਮੱਚੇ ਕਰਜ਼ੇ ਖਤਮ ਕੀਤੇ ਜਾਣ, ਨੌਜਵਾਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ।
ਇਸ ਮੌਕੇ ਜਥੇਬੰਦੀਆਂ ਦੇ ਆਗੂ ਕਸ਼ਮੀਰ ਸਿੰਘ ਠੱਠੀਆਂ, ਗੁਰਬਚਨ ਸਿੰਘ, ਵਿਰਸਾ ਸਿੰਘ ਘੜਕਾ, ਭਗਵੰਤ ਸਿੰਘ ਗੰਡੀਵਿੰਡ, ਸਾਹਿਬ ਸਿੰਘ ਮੀਆਂਪੁਰ, ਮੇਹਰ ਸਿੰਘ ਸਖੀਰਾ, ਹਰਦੀਪ ਸਿੰਘ ਜੌੜਾ, ਤਰਸੇਮ ਸਿੰਘ ਕਲਸੀਆਂ, ਇੰਦਰਜੀਤ ਸਿੰਘ ਮਾੜੀਮੇਘਾ, ਦਰਸ਼ਨ ਸਿੰਘ ਪਹੂਵਿੰਡ, ਸੁਖਦੇਵ ਸਿੰਘ ਨਾਰਲੀ, ਗਿਆਨ ਸਿੰਘ ਧੁੰਨ, ਬਲਵੰਤ ਸਿੰਘ ਢੋਲਣ, ਸਰਵਨ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਰਾਜੋਕੇ, ਬਖਸ਼ੀਸ਼ ਸਿੰਘ, ਗੁਲਜ਼ਾਰ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।
ਹਰੀਕੇ ਪੱਤਣ, (ਲਵਲੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੇ ਜਥਿਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅੱਜ ਸ਼ਾਮ ਹਰੀਕੇ ਚੌਕ 'ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਤੋਂ ਮੁੱਕਰ ਚੁੱਕੀ ਹੈ। ਕਿਸਾਨਾਂ ਦੀਆਂ ਮੋਟਰਾਂ ਉੱਪਰ ਬਿਜਲੀ ਮੀਟਰ ਲਾ ਕੇ ਬਿੱਲ ਵਸੂਲ ਕਰਨ ਦੀ ਤਿਆਰੀ ਕਰ ਰਹੀ ਹੈ। ਸੱਤ ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਦੇ ਮੈਦਾਨ 'ਚ ਹਨ। ਪੰਜਾਬ ਭਰ 'ਚ ਕਿਸਾਨਾਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਗੁੱਸੇ ਦਾ ਪ੍ਰਗਟਾਵਾ ਕੀਤਾ। ਪਨੂੰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਅੰਦੋਲਨ ਲਗਾਤਾਰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ 'ਚ ਮੋਟਰਾਂ ਦੇ ਬਿੱਲ ਨਹੀਂ ਦੇਣਗੇ।
ਇਸ ਮੌਕੇ ਬੁੱਧ ਸਿੰਘ ਰੂੜੀਵਾਲਾ, ਗੁਰਨਾਮ ਸਿੰਘ ਚੰਬਾ, ਪਲਵਿੰਦਰ ਸਿੰਘ ਚੰਦਾ ਚੌਧਰੀਵਾਲਾ, ਹਰਦਿਆਲ ਸਿੰਘ ਤੁੰਗ ਆਦਿ ਕਿਸਾਨ ਆਗੂ ਹਾਜ਼ਰ ਸਨ ।