ਹੁੰਮਸ ਭਰੀ ਗਰਮੀ ਦੌਰਾਨ ਬੀਤੇ 3 ਦਿਨਾਂ ਤੋਂ ਬਿਜਲੀ ਅਤੇ ਪਾਣੀ ਲਈ ਤਰਸ ਰਹੇ ਲੋਕਾਂ ਨੇ ਕੀਤਾ ਪ੍ਰਦਰਸ਼ਨ
Friday, Jul 05, 2024 - 05:27 AM (IST)
ਲੁਧਿਆਣਾ (ਖੁਰਾਣਾ) - ਹੁੰਮਸ ਭਰੀ ਗਰਮੀ ਦੌਰਾਨ ਪਿਛਲੇ 3 ਦਿਨਾਂ ਤੋਂ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਪਾਣੀ ਲਈ ਤਰਸ ਰਹੇ ਭਾਮੀਆ ਕਲਾਂ ਦੀ ਸੁਰਜੀਤ ਕਾਲੋਨੀ ਦੇ ਇਲਾਕਾ ਨਿਵਾਸੀਆਂ ਦਾ ਗੁੱਸਾ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਖਿਲਾਫ ਫੁੱਟ ਉੱਠਿਆ।
ਇਲਾਕਾ ਨਿਵਾਸੀਆਂ ਪਵਨ ਕੁਮਾਰ, ਵਿਜੇ ਰਾਵਤ, ਅਨੰਦ ਕਿਸ਼ੋਰ, ਲੱਕੀ, ਸਰਬਜੀਤ ਸਿੰਘ, ਅੰਕਿਤ ਆਦਿ ਲੋਕਾਂ ਨੇ ਪਾਵਰਾਮ ਦੇ ਫੋਕਲ ਪੁਆਇੰਟ ਸਥਿਤ ਡਵੀਜ਼ਨ ਦੇ ਐੱਸ. ਡੀ. ਓ. ਅਤੇ ਐਕਸੀਅਨ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਗੰਭੀਰ ਦੋਸ਼ ਲਗਾਏ ਹਨ। ਇਲਾਕਾ ਨਿਵਾਸੀਆਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਚੀਫ ਇੰਜੀਨੀਅਰ ਨੂੰ ਲਾਪ੍ਰਵਾਹ ਅਧਿਕਾਰੀਆਂ ਖਿਲਾਫ ਵੀ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਭਿਆਨਕ ਗਰਮੀ ਦੌਰਾਨ ਪਿਛਲੇ 3 ਦਿਨਾਂ ਤੋਂ ਇਲਾਕੇ ’ਚ ਬਿਜਲੀ ਦੀ ਸਪਲਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਪਈ ਹੈ , ਜਿਸ ਕਾਰਨ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਇਕੱਠੇ ਹੋ ਕੇ ਪਾਵਰਕਾਮ ਦੀ ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਕੋਲ ਆਪਣੀ ਫਰਿਆਦ ਲੈ ਕੇ ਪੁੱਜੇ ਸਨ ਪਰ ਉਨ੍ਹਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸਦਾ ਖਾਮਿਆਜ਼ਾ ਮਾਸੂਮ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਭਿਆਨਕ ਗਰਮੀ ਦੇ ਇਸ ਮੌਸਮ ’ਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ।
ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸਾਰੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਮਜਬੂਰਨ ਪਾਵਰਕਾਮ ਵਿਭਾਗ ਦੇ ਫੋਕਲ ਪੁਆਇੰਟ ਬਿਜਲੀਘਰ ਦਾ ਘਿਰਾਓ ਕਰਨਗੇ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਕੀ ਕਹਿੰਦੇ ਹਨ ਐਕਸੀਅਨ
ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਅਮਰਿੰਦਰ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਇਲਾਕੇ ’ਚ ਪਿਛਲੇ ਦਿਨੀਂ ਬਿਜਲੀ ਦੀ ਸਪਲਾਈ ਚੱਲ ਰਹੀ ਸੀ ਪਰ ਇਸ ਦੌਰਾਨ ਲਾਈਨ ਖਰਾਬ ਹੋਣ ਕਾਰਨ ਫੀਡਰ ਬੰਦ ਹੋ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਖੁਦ ਕਰਮਚਾਰੀਆਂ ਦੀ ਟੀਮ ਅਤੇ ਹੋਰ ਜ਼ਰੂਰੀ ਸਾਮਾਨ ਮੌਕੇ ’ਤੇ ਭੇਜ ਕੇ ਬਿਜਲੀ ਦੀ ਸਪਲਾਈ ਚਾਲੂ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿਛਲੇ 3 ਦਿਨਾਂ ਤੋਂ ਬਿਜਲੀ ਦੀ ਸਪਲਾਈ ਬੰਦ ਹੋਣ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e