ਨਹਿਰ ''ਤੇ ਬਣੇ ਪੁਲ ਦਾ ਕਿਨਾਰਾ ਬੈਠ ਜਾਣ ਕਾਰਨ ਹਾਦਸੇ ਦਾ ਖਦਸ਼ਾ

Saturday, Sep 02, 2017 - 03:31 AM (IST)

ਦਸੂਹਾ, (ਝਾਵਰ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਚੀ ਬੱਸੀ ਨਜ਼ਦੀਕ ਮੁਕੇਰੀਆਂ ਹਾਈਡਲ ਨਹਿਰ 'ਤੇ ਬਣੇ ਪੁਲ ਦਾ ਇਕ ਕਿਨਾਰਾ ਬੈਠ ਜਾਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਸ ਪੁਲ ਦੇ ਕਿਨਾਰੇ ਦੀ ਦੀਵਾਰ ਤੇ ਸੜਕ ਬੈਠ ਗਈ ਸੀ, ਜਦਕਿ ਇਸ ਨਹਿਰ 'ਚ 11 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਪਰ ਇਸ ਵੱਲ ਨਾ ਤਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੇ ਨਾ ਹੀ ਮੁਕੇਰੀਆਂ ਹਾਈਡਲ ਪ੍ਰਾਜੈਕਟ ਨਾਲ ਸੰਬੰਧਿਤ ਅਧਿਕਾਰੀਆਂ ਦਾ ਕੋਈ ਧਿਆਨ ਹੈ।
ਬਸਪਾ ਆਗੂ ਦਲਵਿੰਦਰ ਸਿੰਘ ਬੋਦਲ ਤੇ ਬਲਾਕ ਬਸਪਾ ਪ੍ਰਧਾਨ ਹੇਮਰਾਜ ਨੇ ਕਿਹਾ ਕਿ ਇਸ ਪੁਲ ਦਾ ਕਿਨਾਰਾ ਬੈਠ ਜਾਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਸੰਬੰਧਿਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਸਿੰਚਾਈ ਵਿਭਾਗ ਮੰਤਰੀ ਤੇ ਕੇਂਦਰੀ ਪੀ. ਡਬਲਯੂ. ਡੀ. ਵਿਭਾਗ ਦੇ ਮੰਤਰੀ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਇਸ ਪੁਲ ਦੇ ਬੈਠੇ ਕਿਨਾਰੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਕਿ ਕਿਸੇ ਅਣਹੋਣੀ ਘਟਨਾ ਤੋਂ ਬਚਾਅ ਹੋ ਸਕੇ।


Related News