ਪਾਈਪ ਦੀ ਲੀਕੇਜ ਕਾਰਨ ਹਾਈਵੇ ਦੀ ਬਰਮ ''ਤੇ ਚਿੱਕੜ
Monday, Dec 04, 2017 - 01:33 AM (IST)

ਕਾਠਗੜ੍ਹ, (ਰਾਜੇਸ਼)- ਰੋਪੜ-ਬਲਾਚੌਰ ਰਾਜ ਮਾਰਗ 'ਤੇ ਪਿੰਡ ਭਰਥਲਾ ਕੋਲ ਹਾਈਵੇ ਦੀ ਬਰਮ ਨਾਲ ਹੋ ਰਹੀ ਸਾਫ਼ ਪਾਣੀ ਦੀ ਲੀਕੇਜ ਕਾਰਨ ਚਿੱਕੜ ਬਣਿਆ ਹੋਇਆ ਹੈ ਤੇ ਨਾਲ ਹੀ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਬਰਬਾਦ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਕਾਫੀ ਸਮੇਂ ਤੋਂ ਹੋ ਰਹੀ ਉਕਤ ਸਥਾਨ 'ਤੇ ਲੀਕੇਜ ਕਾਰਨ ਡੂੰਘਾ ਟੋਇਆ ਵੀ ਪੈ ਗਿਆ ਹੈ, ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਲੀਕੇਜ ਕਾਰਨ ਜਿਥੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਉਥੇ ਹੀ ਸਾਫ਼ ਪਾਣੀ ਵੀ ਦੂਸ਼ਿਤ ਹੁੰਦਾ ਹੈ। ਲਗਾਤਾਰ ਲੀਕੇਜ ਕਾਰਨ ਹਾਈਵੇ ਦੀ ਹਾਲਤ ਵੀ ਖਸਤਾ ਹੋ ਸਕਦੀ ਹੈ, ਜਦਕਿ ਹਾਈਵੇ 'ਤੇ ਖੜ੍ਹੇ ਪਾਣੀ 'ਚੋਂ ਵਾਹਨਾਂ ਦੇ ਲੰਘਣ ਸਮੇਂ ਰਾਹਗੀਰਾਂ 'ਤੇ ਛਿੱਟੇ ਵੀ ਪੈਂਦੇ ਹਨ। ਲੋਕਾਂ ਦੀ ਮੰਗ ਹੈ ਕਿ ਉਕਤ ਲੀਕੇਜ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਤੇ ਸੜਕ ਦਾ ਵੀ ਬਚਾਅ ਹੋ ਸਕੇ।
ਪੰਚਾਇਤਾਂ ਦੇ ਵੱਸੋਂ ਬਾਹਰ ਹੋਈ ਗੱਲ
ਸਰਕਾਰਾਂ ਨੇ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਪਿੰਡ-ਪਿੰਡ ਜਲ-ਘਰ ਬਣਾ ਦਿੱਤੇ ਪਰ ਬਹੁਤੇ ਜਲ-ਘਰਾਂ ਦਾ ਪ੍ਰਬੰਧ ਪੰਚਾਇਤਾਂ ਨੂੰ ਸੌਂਪ ਦਿੱਤਾ। ਕੁਝ ਪੰਚਾਇਤਾਂ ਤਾਂ ਜਲ-ਘਰਾਂ ਨੂੰ ਸੁਚੱਜੇ ਢੰਗ ਨਾਲ ਚਲਾ ਰਹੀਆਂ ਹਨ ਪਰ ਕੁਝ ਦੀ ਲਾਪ੍ਰਵਾਹੀ ਕਾਰਨ ਪਾਣੀ ਦੀ ਬਰਬਾਦੀ ਹੋ ਰਹੀ ਹੈ, ਜਿਸ ਕਰਕੇ ਜਲ-ਘਰਾਂ ਦੀ ਸਾਂਭ-ਸੰਭਾਲ ਤੇ ਥਾਂ-ਥਾਂ ਹੋ ਰਹੀ ਲੀਕੇਜ ਨੂੰ ਠੀਕ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।
ਕੀ ਕਹਿੰਦੇ ਹਨ ਜੇ.ਈ.
ਲੀਕੇਜ ਬਾਰੇ ਵਿਭਾਗ ਦੇ ਜੇ.ਈ. ਨਰਿੰਦਰ ਕੁਮਾਰ ਸੂਦਨ ਨੇ ਕਿਹਾ ਕਿ ਜਲ-ਘਰ ਪੰਚਾਇਤਾਂ ਅਧੀਨ ਹਨ ਤੇ ਲੀਕੇਜ ਠੀਕ ਕਰਵਾਉਣਾ ਪੰਚਾਇਤਾਂ ਦਾ ਹੀ ਕੰਮ ਹੈ।