ਜ਼ਮੀਨੀ ਝਗੜੇ ਦੇ ਚੱਲਦਿਆਂ ਚਾਚੇ ਵੱਲੋਂ ਭਰਜਾਈ ਤੇ ਭਤੀਜੀ ’ਤੇ ਜਾਨਲੇਵਾ ਹਮਲਾ, ਇਕ ਦੀ ਮੌਤ

Monday, May 11, 2020 - 09:00 PM (IST)

ਮਾਨਸਾ/ਜੋਗਾ,(ਸੰਦੀਪ ਮਿੱਤਲ/ਗੋਪਾਲ)- ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਇਕ ਭਰਾ ਵੱਲੋਂ ਆਪਣੇ ਪੁੱਤਰ ਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਆਪਣੇ ਸਕੇ ਭਰਾ ਦੇ ਘਰ ਅੰਦਰ ਦਾਖ਼ਲ ਹੋ ਭਤੀਜੀ ਦਾ ਕਤਲ ਤੇ ਭਰਜਾਈ ਨੂੰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਹੈ। ਇਸ ਘਟਨਾ ਤੇ ਜ਼ਿਲ੍ਹਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਵੱਲੋਂ ਦੋਸ਼ੀਆ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਹੇਠ ਜੋਗਾ ਪੁਲਸ ਵੱਲੋਂ ਕੁੱਝ ਹੀ ਸਮੇਂ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 2 ਸਕੇ ਭਰਾਵਾਂ ਵਿੱਚ ਮੱਖਣ ਸਿੰਘ ਉਰਫ਼ ਨਛੱਤਰ ਸਿੰਘ ਤੇ ਬਹਾਦਰ ਸਿੰਘ ਉਰਫ ਮਿੱਠੂ ਸਿੰਘ ਪੁੱਤਰਾਨ ਕਰਤਾਰ ਸਿੰਘ ਵਾਸੀ ਬੁਰਜ ਰਾਠੀ ਦਾ ਕਾਫ਼ੀ ਲੰਬੇ ਸਮੇਂ ਤੋਂ ਘਰੇਲੂ ਜਮੀਨੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਮੱਖਣ ਸਿੰਘ ਉਰਫ਼ ਨਛੱਤਰ ਸਿੰਘ ਨੇ ਆਪਣੇ ਪੁੱਤਰ ਬਲਵਿੰਦਰ ਸਿੰਘ ਉਰਫ਼ ਮਾਣਕ ਤੇ ਹੋਰ ਅਣਪਛਾਤੇ ਵਿਅਕਤੀਆ ਨਾਲ ਮਿਲਕੇ ਤੇਜ਼ ਹਥਿਆਰਾਂ ਨਾਲ ਭਰਜਾਈ ਤੇ ਭਤੀਜੀ ਤੇ ਹਮਲਾ ਕਰ ਦਿੱਤਾ, ਜਿਸ ਨਾਲ ਦੋਵੇਂ ਜਖ਼ਮੀ ਹੋ ਗਈਆਂ, ਘਟਨਾ ਦੀ ਸੂਚਨਾਂ ਮਿਲਦਿਆਂ ਹੀ ਡੀ.ਐਸ.ਪੀ. ਸੱਤਪਾਲ ਸਿੰਘ ਤੇ ਥਾਣਾ ਮੁੱਖੀ ਰੇਨੂ ਪਰੋਚਾ ਪੁਲਸ ਪਾਰਟੀ ਨਾਲ ਮੌਕੇ ਤੇ ਪੁੱਜੇ, ਜਿੰਨ੍ਹਾਂ ਵੱਲੋਂ ਦੋਵੇ ਮਾਂ-ਧੀ ਨੂੰ ਐਬੂਲੈਂਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ। ਥਾਣਾ ਮੁੱਖੀ ਜੋਗਾ ਰੇਨੂ ਪਰੋਚਾ ਨੇ ਦੱਸਿਆ ਕਿ 2 ਸਕੇ ਭਰਾ ਮੱਖਣ ਸਿੰਘ ਉਰਫ਼ ਨਛੱਤਰ ਸਿੰਘ ਤੇ ਬਹਾਦਰ ਸਿੰਘ ਉਰਫ ਮਿੱਠੂ ਸਿੰਘ ਪੁੱਤਰਾਨ ਕਰਤਾਰ ਸਿੰਘ ਵਾਸੀ ਬੁਰਜ ਰਾਠੀ ਦਾ ਆਪਸੀ ਜਮੀਨੀ ਝਗੜਾ ਚਲਦਾ ਆ ਰਿਹਾ ਸੀ, ਜਿੰਨ੍ਹਾਂ ਦਾ ਖੇਤ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ, ਜਿਸ ਤੋਂ ਮੱਖਣ ਸਿੰਘ ਉਰਫ਼ ਨਛੱਤਰ ਸਿੰਘ ਤੇ ਉਸਦੇ ਪੁੱਤਰ ਬਲਵਿੰਦਰ ਸਿੰਘ Àਰਫ਼ ਮਾਣਕ ਨੇ ਅਣਪਛਾਤੇ ਵਿਅਕਤੀਆਂ ਨਾਲ ਬਹਦਾਰ ਸਿੰਘ ਉਰਫ਼ ਮਿੱਠੂ ਸਿੰਘ ਦੀ ਪਤਨੀ ਰਾਜ ਕੌਰ (46) ਤੇ ਲੜਕੀ ਸਿੰਦਰ ਕੌਰ (24) ਤੇ ਹਮਲਾ ਕਰ ਦਿੱਤਾ, ਜਿਸ ਨਾਲ  ਸ਼ਿੰਦਰ ਕੌਰ ਦੀ ਮੌਤ ਹੋ ਗਈ ਤੇ ਰਾਜ ਕੌਰ ਨੂੰ ਇਲਾਜ ਲਈ ਮਾਨਸਾ ਹਸਪਤਾਲ ਤੋਂ ਪਟਿਆਲਾ ਵਿਖੇ ਰੈਂਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ 'ਚੋਂ ਮੱਖਣ ਸਿੰਘ ਉਰਫ਼ ਨਛੱਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੋਰਨਾਂ ਦੋਸ਼ੀਆਂ ਦੀ ਭਾਲ ਜਾਰੀ ਹੈ।
ਜ਼ਿਲ੍ਹਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਨੇ ਪਿੰਡ ਬੁਰਜ ਰਾਠੀ ਵਿਖੇ ਮਾਂ-ਧੀ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਦੀ ਪੁਲਸ ਟੀਮ ਵੱਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਰਹਿੰਦੇ ਦੋਸ਼ੀਆ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਇਸ ਹਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।


Bharat Thapa

Content Editor

Related News