ਵਾਟਰ ਵਰਕਸ ਦਾ ਪਾਣੀ ਨਾ ਆਉਣ ਕਾਰਨ ਲੋਕਾਂ ਕੀਤਾ ਪ੍ਰਦਰਸ਼ਨ
Saturday, Aug 12, 2017 - 01:38 AM (IST)

ਨਥਾਣਾ, (ਬੱਜੋਆਣੀਆਂ)- ਵਾਟਰ ਵਰਕਸ ਦਾ ਪਾਣੀ ਨਾ ਆਉਣ ਕਰ ਕੇ ਪਿੰਡ ਬੱਜੋਆਣਾ ਦੇ ਲੋਕਾਂ ਨੇ ਖਾਲੀ ਬਾਲਟੀਆਂ ਵਿਖਾ ਕੇ ਜਿੱਥੇ ਪ੍ਰਦਰਸ਼ਨ ਕੀਤਾ ਉੱਥੇ ਹੀ ਮਹਿਕਮੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਬਲਵੀਰ ਸਿੰਘ, ਬਿੰਦਰ ਸਿੰਘ, ਇਕਬਾਲ ਸਿੰਘ, ਹਾਕਮ ਸਿੰਘ, ਬਾਬੂ ਸਿੰਘ, ਜਗਰਾਜ ਸਿੰਘ, ਹਰਜੀਤ ਕੌਰ, ਵੀਰਾਂ ਕੌਰ, ਚਰਨੋ ਕੌਰ ਆਦਿ ਨੇ ਦੱਸਿਆ ਕਿ ਪਿੰਡ ਬੱਜੋਆਣਾ ਵਿਚ ਜਲ ਤੇ ਸਪਲਾਈ ਮਹਿਕਮੇ ਵੱਲੋਂ ਵਾਟਰ ਵਰਕਸ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਨਹੀਂ ਆ ਰਿਹਾ। ਪਾਣੀ ਨਾ ਆਉਣ ਕਰ ਕੇ ਜਿਥੇ ਪਾਣੀ ਪੀਣ, ਕੱਪੜੇ ਧੋਣ, ਪਸ਼ੂਆਂ ਨੂੰ ਪਾਣੀ ਪਿਲਾਉਣ ਅਤੇ ਹੋਰ ਵਰਤੋਂ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਬੇਵਜ੍ਹਾ ਪਾਣੀ ਦਾ ਬਿੱਲ ਦੇਣਾ ਪੈਂਦਾ ਹੈ।
ਪਾਣੀ ਦੇ ਖਪਤਕਾਰਾਂ ਨੇ ਦੱਸਿਆ ਕਿ ਪਾਣੀ ਨਾ ਆਉਣ ਦਾ ਕਾਰਨ ਨਹਿਰਬੰਦੀ ਨਹੀਂ ਸਗੋਂ ਵਾਟਰ ਵਰਕਸ ਵਿਚ ਲੱਗਿਆ ਬਿਜਲੀ ਦਾ ਟ੍ਰਾਂਸਫਾਰਮਰ ਖ਼ਰਾਬ ਹੋਣਾ ਹੈ। ਇਸ ਖ਼ਰਾਬ ਟ੍ਰਾਂਸਫਾਰਮਰ ਨੂੰ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਵਾਟਰ ਵਰਕਸ 'ਤੇ ਕੰਮ ਕਰਦੇ ਕਰਮਚਾਰੀਆਂ ਦੀ ਹੁੰਦੀ ਹੈ ਪਰ ਇਹ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਦੱਸ ਕੇ ਪੰਚਾਇਤਾਂ ਸਿਰ ਮੜ੍ਹ ਰਹੇ ਹਨ, ਜਿਸ ਕਰ ਕੇ ਇਸ ਖਿਚੋਤਾਣ ਤਹਿਤ ਲੋਕਾਂ ਨੂੰ ਪਾਣੀ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਪਤਕਾਰਾਂ ਨੇ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਜੇਕਰ ਵਾਟਰ ਵਰਕਸ ਦੀ ਸਪਲਾਈ ਨਿਰਵਿਘਨ ਚਾਲੂ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।