ਕਾਂਗਰਸੀ ਸਰਪੰਚ ਦੇ ਭਰਾ ਦੇ ਕਤਲ ਦਾ ਮਾਮਲਾ : ਕਾਰ, ਪਿਸਟਲ ਤੇ ਜ਼ਿਦਾ ਰੌਂਦ ਸਣੇ 2 ਗ੍ਰਿਫਤਾਰ

Tuesday, Sep 22, 2026 - 01:55 PM (IST)

ਕਾਂਗਰਸੀ ਸਰਪੰਚ ਦੇ ਭਰਾ ਦੇ ਕਤਲ ਦਾ ਮਾਮਲਾ : ਕਾਰ, ਪਿਸਟਲ ਤੇ ਜ਼ਿਦਾ ਰੌਂਦ ਸਣੇ 2 ਗ੍ਰਿਫਤਾਰ

ਬਟਾਲਾ/ਡੇਰਾ ਬਾਬਾ ਨਾਨਕ/ਕਲਾਨੌਰ (ਬੇਰੀ, ਮਨਮੋਹਨ)- ਬੀਤੀ ਰਾਤ ਪਿੰਡ ਪੱਡਾ ’ਚ ਕਾਂਗਰਸੀ ਸਰਪੰਚ ਦੇ ਭਰਾ ਦਾ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਸ ਨੇ ਪਿਸਟਲ, ਕਾਰ ਅਤੇ ਜ਼ਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਪੱਡਾ ’ਚ ਕਾਰ ਸਵਾਰ ਵਿਅਕਤੀਆਂ ਨੇ ਕਾਂਗਰਸੀ ਸਰਪੰਚ ਦੇ ਭਰਾ ਸੁਖਰਾਜ ਸਿੰਘ ਉਰਫ ਕਾਕਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਨਵਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪੱਡਾ ਦੇ ਬਿਆਨਾਂ ਦੇ ਆਧਾਰ ’ਤੇ 3 ਨਾਮਜ਼ਦ ਅਤੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।

ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਜਾਂਚ ਦੌਰਾਨ ਕੇਸ ’ਚ ਸ਼ਾਮਲ ਰਵਿੰਦਰ ਸਿੰਘ ਉਰਫ ਕਾਕਾ ਵਾਸੀ ਪੱਡਾ ਅਤੇ ਹਰਪ੍ਰੀਤ ਸਿੰਘ ਉਰਫ ਬੁੱਗ ਵਾਸੀ ਸ਼ਾਹਪੁਰ ਜਾਜਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਇਕ 30 ਬੋਰ ਪਿਸਟਲ, 2 ਮੈਗਜ਼ੀਨ, 2 ਜ਼ਿੰਦਾ ਰੌਂਦ, 2 ਮੋਬਾਈਲ ਅਤੇ ਵਾਰਦਾਤ ਸਮੇਂ ਵਰਤੀ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਫਰਾਰ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


author

Shivani Bassan

Content Editor

Related News