MBBS ’ਚ ਦਾਖਲੇ ਦੇ ਨਾਂ ’ਤੇ 21 ਲੱਖ ਦੀ ਠੱਗੀ, ਦੋ ਮੁਲਜ਼ਮ ਛੱਤੀਸਗੜ੍ਹ ’ਚੋਂ ਕੀਤੇ ਗ੍ਰਿਫਤਾਰ
Saturday, Oct 03, 2026 - 04:31 PM (IST)
ਪਠਾਨਕੋਟ (ਸ਼ਾਰਦਾ)- ਐੱਮ.ਬੀ.ਬੀ.ਐੱਸ. ਵਿਚ ਘੱਟ ਫੀਸ ’ਤੇ ਦਾਖਲਾ ਦਿਵਾਉਣ ਦਾ ਝਾਂਸਾ ਦੇ ਕੇ ਪਠਾਨਕੋਟ ਵਾਸੀ ਨਾਲ ਕਰੀਬ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਠਾਨਕੋਟ ਸਾਈਬਰ ਅਪਰਾਧ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਛੱਤੀਸਗੜ੍ਹ ਦੇ ਰਾਏਪੁਰ ਤੋਂ ਗਿਰੋਹ ਦੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵੱਡੀ ਗਿਣਤੀ ਵਿਚ ਮੋਬਾਈਲ ਫੋਨ, ਜਾਅਲੀ ਸਿਮ, ਲੈਪਟਾਪ, ਜਾਅਲੀ ਆਧਾਰ ਕਾਰਡ ਸਮੇਤ ਠੱਗੀ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ
ਪੁਲਸ ਬੁਲਾਰੇ ਅਨੁਸਾਰ ਇਸ ਸਬੰਧੀ ਪਠਾਨਕੋਟ ਵਾਸੀ ਵਿਕਰਮਜੀਤ ਦੀ ਸ਼ਿਕਾਇਤ ’ਤੇ 7 ਅਗਸਤ 2026 ਨੂੰ ਸਾਈਬਰ ਅਪਰਾਧ ਥਾਣਾ ਪਠਾਨਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਸਾਲ 2025 ਵਿਚ ਉਸ ਦੇ ਪੁੱਤਰ ਨੇ ‘ਨੀਟ’ ਦੀ ਪ੍ਰੀਖਿਆ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਹਰਿਆਣਾ ਦੇ ਗੁੜਗਾਓਂ ਸਥਿਤ ‘ਦ ਐਡਮਿਸ਼ਨ ਸਲਿਊਸ਼ਨ’ ਨਾਂ ਦੇ ਸਲਾਹ ਕੇਂਦਰ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਫੋਨ ਕਰਨ ਵਾਲਿਆਂ ਨੇ ਉਸ ਦੇ ਪੁੱਤਰ ਨੂੰ ਕਿਸੇ ਵੱਡੇ ਮੈਡੀਕਲ ਕਾਲਜ ਵਿੱਚ ਘੱਟ ਫੀਸ ’ਤੇ ਐੱਮ.ਬੀ.ਬੀ.ਐੱਸ ਵਿਚ ਦਾਖਲਾ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਝਾਂਸੇ ਵਿਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਬੈਂਕ ਖਾਤਿਆਂ ਵਿਚ ਕਰੀਬ 21 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਕੁਝ ਸਮੇਂ ਬਾਅਦ ਸਬੰਧਤ ਸਲਾਹ ਕੇਂਦਰ ਬੰਦ ਹੋ ਗਿਆ ਅਤੇ ਮੁਲਜ਼ਮਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ-ਪੰਜਾਬ : ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਪਾਕਿ ਨਾਗਰਿਕ ਬੀ. ਐੱਸ. ਐੱਫ. ਨੇ ਕੀਤੇ ਢੇਰ
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਗੁਰਗਾਓਂ ਵਿੱਚ ‘ਦ ਐਡਮਿਸ਼ਨ ਸਲਿਊਸ਼ਨ’ ਦੇ ਨਾਂ ਨਾਲ ਚੱਲ ਰਹੇ ਸਲਾਹ ਕੇਂਦਰ ਨੂੰ ਬੰਦ ਕਰ ਕੇ ਛੱਤੀਸਗੜ੍ਹ ਦੇ ਰਾਏਪੁਰ ਵਿਚ ‘ਬ੍ਰਾਈਟਮਾਰਗ’ ਦੇ ਨਾਂ ਨਾਲ ਨਵਾਂ ਸਲਾਹ ਕੇਂਦਰ ਸ਼ੁਰੂ ਕਰ ਲਿਆ ਸੀ। ਜਾਣਕਾਰੀ ਦਿੰਦਿਆਂ ਐੱਸ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਆਪਣੀ ਪਛਾਣ ਛੁਪਾਉਣ ਲਈ ਮੁਲਜ਼ਮਾਂ ਵੱਲੋਂ ਕਥਿਤ ਤੌਰ ’ਤੇ ਜਾਅਲੀ ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਪਠਾਨਕੋਟ ਸਾਈਬਰ ਅਪਰਾਧ ਪੁਲਸ ਨੇ ਤਕਨੀਕੀ ਸਾਧਨਾਂ ਰਾਹੀਂ ਮੁਲਜ਼ਮਾਂ ਨੂੰ ਟਰੇਸ ਕੀਤਾ ਅਤੇ ਰਾਏਪੁਰ ਵਿਚ ਕਾਰਵਾਈ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬੰਟੀ ਕੁਮਾਰ ਤਿਵਾੜੀ ਪੁੱਤਰ ਸ਼ਿਵ ਕੁਮਾਰ ਤਿਵਾੜੀ ਵਾਸੀ ਬਿਹਾਰ ਅਤੇ ਮੁਹੰਮਦ ਜੁਬੇਰ ਪੁੱਤਰ ਸ਼ੇਰ ਖਾਨ ਵਾਸੀ ਦਿੱਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ
ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਲੈਪਟਾਪ, ਜਾਅਲੀ ਸਿਮ ਕਾਰਡਾਂ ਸਮੇਤ 48 ਮੋਬਾਈਲ ਫੋਨ, ਵਿਦਿਆਰਥੀਆਂ ਅਤੇ ਐੱਮਬੀਬੀਐੱਸ ਕਾਲਜਾਂ ਨਾਲ ਸਬੰਧਤ ਡਾਟਾ, ਦਫ਼ਤਰੀ ਡਾਇਰੀਆਂ, ਜਾਅਲੀ ਦਸਤਾਵੇਜ਼, 3 ਡੈਬਿਟ ਕਾਰਡ, 3 ਜਾਅਲੀ ਆਧਾਰ ਕਾਰਡ ਅਤੇ ਇੱਕ ਸਕਾਰਪੀਓ-ਐੱਨ ਗੱਡੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਵਿੱਚ ਪੁਲਸ ਦੇ ਸਾਹਮਣੇ ਆਇਆ ਹੈ ਕਿ ਕਥਿਤ ਕਾਲ ਸੈਂਟਰ ਦੀਆਂ ਸ਼ਾਖਾਵਾਂ ਵੱਖ-ਵੱਖ ਨਾਵਾਂ ਨਾਲ ਵੱਖ-ਵੱਖ ਸੂਬਿਆਂ ਵਿੱਚ ਸਰਗਰਮ ਹਨ ਅਤੇ ਲੋਕਾਂ ਨੂੰ ਦਾਖਲੇ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੁਲਸ ਇਸ ਜਾਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
