ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਸੱਪ ਦੇ ਡੰਗੇ ਮਰੀਜ਼ ਦੀ ਮੌਤ

Tuesday, Jun 13, 2017 - 12:18 AM (IST)

ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਸੱਪ ਦੇ ਡੰਗੇ ਮਰੀਜ਼ ਦੀ ਮੌਤ

ਮਲੋਟ,   (ਜੁਨੇਜਾ)- ਸਰਕਾਰੀ ਹਸਪਤਾਲ ਵਿਚ ਡਾਕਟਰਾਂ ਵੱਲੋਂ ਸਹੀ ਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਸੱਪ ਦੇ ਡੰਗ ਦਾ ਸ਼ਿਕਾਰ ਹੋਏ ਇਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਮਾਂ ਬਿਰਮਾ ਰਾਣੀ ਪਤਨੀ ਰਾਮ ਕੁਮਾਰ ਵਾਸੀ ਰਵੀਦਾਸ ਨਗਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪੁੱਤਰ ਵਿੱਕੀ ਨੂੰ ਗੁਆਂਢੀਆਂ ਘਰੋਂ ਨਿਕਲੇ ਸੱਪ ਨੇ ਡੰਗ ਮਾਰ ਦਿੱਤਾ। ਅਸੀਂ ਉੁਸ ਨੂੰ 1 ਵਜੇ ਹਸਪਤਾਲ ਲਿਆਏ, ਜਿਥੇ ਡਾਕਟਰ ਹਾਜ਼ਰ ਨਾ ਹੋਣ 'ਤੇ ਕਿਸੇ ਨੇ ਉਸ ਦਾ ਇਲਾਜ ਨਹੀਂ ਕੀਤਾ, ਸਗੋਂ ਦਰਜਾ ਚਾਰ ਕਰਮਚਾਰੀ ਨੇ ਦਰਦ ਦਾ ਇੰਜੈਕਸ਼ਨ ਲਾ ਦਿੱਤਾ ਤੇ 5 ਵਜੇ ਹਾਲਤ ਵਿਗੜ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵਿਚ ਭਾਰੀ ਰੋਸ ਸੀ। ਇਸ ਲਈ ਉਨ੍ਹਾਂ ਨੇ ਡਾਕਟਰਾਂ ਤੇ ਸਟਾਫ਼ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਾ ਦਿੱਤਾ। ਉਧਰ ਸਿਟੀ ਮਲੋਟ ਦੇ ਮੁੱਖ ਅਫ਼ਸਰ ਬੂਟਾ ਸਿੰਘ ਨੇ ਮੌਕੇ 'ਤੇ ਪੁੱਜ ਕੇ ਵਾਰਿਸਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਡਾਕਟਰਾਂ ਦੀ ਲਾਪ੍ਰਵਾਹੀ ਬਾਰੇ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਦਰਜਾ ਚਾਰ ਕਰਮਚਾਰੀ ਨੇ ਐਮਰਜੈਂਸੀ 'ਤੇ ਤਾਇਨਾਤ ਡਾਕਟਰ ਨੂੰ ਡਿਊਟੀ 'ਤੇ ਹੋਣ ਦੇ ਬਾਵਜੂਦ ਵੀ ਮਰੀਜ਼ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਕਾਰਨ ਲੱਗਣ ਵਾਲੇ ਇੰਜੈਕਸ਼ਨ ਐਂਟੀ ਸਨੇਕ ਵਿਨੋਮ ਹਸਪਤਾਲ ਵਿਚ ਮੌਜੂਦ ਹਨ ਪਰ ਪਰਿਵਾਰ ਵੱਲੋਂ ਪਹਿਲਾਂ ਤਾਂ ਹਸਪਤਾਲ ਆਉਣ 'ਚ ਦੇਰੀ ਕੀਤੀ ਗਈ ਤੇ ਫਿਰ ਉਨ੍ਹਾਂ ਨੇ ਇਸ ਬਾਰੇ ਡਾਕਟਰ ਨੂੰ ਸੂਚਨਾ ਨਹੀਂ ਦਿੱਤੀ, ਜਿਸ ਕਾਰਨ ਇਹ ਮੌਤ ਹੋਈ ਹੈ। 


Related News