ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ''ਚ ਖਾ ਰਹੇ ਨੇ ਧੱਕੇ
Saturday, Apr 28, 2018 - 12:26 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਬਾਰਦਾਨੇ ਦੀ ਕਮੀ, ਖਰੀਦ ਏਜੰਸੀਆਂ ਵੱਲੋਂ ਖਰੀਦ ਬੰਦ ਕਰਨ ਅਤੇ ਲਿਫਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਅੱਜ ਜ਼ਿਲਾ ਦਾਣਾ ਮੰਡੀ 'ਚ ਨਾਅਰੇਬਾਜ਼ੀ ਕੀਤੀ। ਦਾਣਾ ਮੰਡੀ 'ਚ ਆਪਣੀ ਕਣਕ ਲੈ ਕੇ ਪੁੱਜੇ ਕਿਸਾਨ ਨਿਰਮਲ ਭਾਨਮਜਾਰਾ ਤੇ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਆਪਣੀ ਕਣਕ ਦੀ ਫਸਲ ਲੈ ਕੇ ਆਏ ਸਨ ਪਰ ਪੂਰੀ ਰਾਤ ਤੇ ਦਿਨ ਬੀਤਣ ਦੇ ਬਾਵਜੂਦ ਉਹ ਦਾਣਾ ਮੰਡੀ 'ਚ ਧੱਕੇ ਖਾ ਰਹੇ ਹਨ।
ਕੋਟਾ ਪੂਰਾ ਹੋਣ ਦਾ ਬਹਾਨਾ ਬਣਾ ਕੇ ਏਜੰਸੀਆਂ ਨੇ ਕਣਕ ਖਰੀਦਣ ਤੋਂ ਕੀਤੀ ਨਾਂਹ
ਆੜ੍ਹਤੀ ਮਨਜਿੰਦਰ ਸਿੰਘ ਵਾਲਿਆ, ਮੱਖਣ ਸਿੰਘ ਗਰੇਵਾਲ, ਹਰਸੁਖਪਾਲ ਸਿੰਘ, ਰਾਜੇਸ਼ ਸੇਠੀ ਤੇ ਰਵਿੰਦਰ ਗੁਲਾਟੀ ਨੇ ਦੱਸਿਆ ਕਿ ਮਾਰਕਫੈੱਡ ਸਮੇਤ ਕਈ ਹੋਰ ਖਰੀਦ ਏਜੰਸੀਆਂ ਵੱਲੋਂ ਅੱਜ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿਥੇ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਉਥੇ ਹੀ ਮੰਡੀਆਂ 'ਚ ਤੇਜ਼ੀ ਨਾਲ ਪਹੁੰਚ ਰਹੀ ਕਣਕ ਦੀਆਂ ਢੇਰੀਆਂ ਕਾਰਨ ਜਗ੍ਹਾ ਦੀ ਸਮੱਸਿਆ ਵੀ ਪੈਦਾ ਹੋਣ ਲੱਗੀ ਹੈ।
ਬਾਰਦਾਨਾ ਬਣਿਆ ਸਮੱਸਿਆ
ਆੜ੍ਹਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਕਈ ਖਰੀਦ ਏਜੰਸੀਆਂ ਵੱਲੋਂ ਸਮਰੱਥ ਮਾਤਰਾ 'ਚ ਬਾਰਦਾਨਾ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ, ਜਿਸ ਨਾਲ ਦਿੱਕਤਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ 'ਚ ਬਾਰਦਾਨੇ ਦੀ ਸਮੱਸਿਆ ਨੂੰ ਛੇਤੀ ਹੱਲ ਕੀਤਾ ਜਾਵੇ। ਜਦੋਂ ਇਸ ਸਬੰਧੀ ਇਕ ਖਰੀਦ ਏਜੰਸੀ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਸਮੱਸਿਆ ਸਟੇਟ ਪੱਧਰੀ ਹੈ, ਜਿਸ ਨੂੰ ਉੱਚ ਅਧਿਕਾਰੀ ਹੀ ਹੱਲ ਕਰ ਸਕਦੇ ਹਨ।
ਅਸੀਂ ਪਹਿਲਾਂ ਹੀ ਪੂਰਾ ਕਰ ਚੁੱਕੇ ਹਾਂ ਟੀਚਾ : ਅਧਿਕਾਰੀ
ਇਸ ਸਬੰਧੀ ਮਾਰਕਫੈੱਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 100 ਫ਼ੀਸਦੀ ਕਣਕ ਦੀ ਖਰੀਦ ਕਰਨ ਦਾ ਸੀ, ਜੋ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਏਜੰਸੀਆਂ ਦਾ ਖਰੀਦ ਕੋਟਾ ਪੂਰਾ ਨਹੀਂ ਹੋਇਆ ਹੈ। ਜੇਕਰ ਹੋਰ ਖਰੀਦ ਏਜੰਸੀਆਂ ਦਾ ਕੋਟਾ ਪੂਰਾ ਹੋਣ ਦੇ ਬਾਅਦ ਵੀ ਖਰੀਦੀ ਜਾਣ ਵਾਲੀ ਕਣਕ ਬਚ ਜਾਂਦੀ ਹੈ ਤਾਂ ਉਹ ਮੁੜ ਖਰੀਦ ਕਰਨਗੇ। ਇਸ ਤਰ੍ਹਾਂ ਦੇ ਵਿਚਾਰ ਹੋਰ ਖਰੀਦ ਏਜੰਸੀਆਂ ਨੇ ਵੀ ਦਿੱਤੇ।
ਸਿਰਫ 43 ਫ਼ੀਸਦੀ ਹੋਈ ਲਿਫਟਿੰਗ; ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
ਜ਼ਿਲਾ ਮੰਡੀ ਬੋਰਡ ਅਨੁਸਾਰ ਵੀਰਵਾਰ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ 'ਚ ਕੁੱਲ 2,04,966 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 2,04,766 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਜਦਕਿ ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ ਹੋਣ ਕਾਰਨ ਦਾਣਾ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ। ਵਿਭਾਗ ਦੀ ਰਿਪੋਰਟ ਅਨੁਸਾਰ ਜ਼ਿਲੇ 'ਚ ਹੁਣ ਤੱਕ ਖਰੀਦੀ ਗਈ ਕੁੱਲ ਕਣਕ 'ਚੋਂ 1,16,076 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੀ ਹੋ ਸਕੀ ਹੈ ਜੋ ਕਿ ਕੁੱਲ ਖਰੀਦ ਦਾ ਸਿਰਫ 43 ਫ਼ੀਸਦੀ ਹੈ, ਜਿਸ ਨਾਲ ਸਪੱਸ਼ਟ ਹੈ ਕਿ ਜ਼ਿਲੇ 'ਚ ਲਿਫਟਿੰਗ ਕਿੰਨੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ ।
ਕੀ ਕਹਿੰਦੇ ਹਨ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ
ਜ਼ਿਲਾ ਫੂਡ ਅਤੇ ਸਪਲਾਈ ਕੰਟਰੋਲ ਰੇਨੂੰ ਬਾਲਾ ਨੇ ਕਿਹਾ ਕਿ ਦਾਣਾ ਮੰਡੀਆਂ 'ਚ ਬਾਰਦਾਨੇ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕੁਝ ਏਜੰਸੀਆਂ ਵੱਲੋਂ ਖਰੀਦ ਨਾ ਕਰਨ ਦੇ ਦਬਾਅ 'ਤੇ ਕਿਹਾ ਕਿ ਅਜਿਹੀ ਕੋਈ ਵੀ ਖਰੀਦ ਏਜੰਸੀ ਨਹੀਂ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਦਾਣਾ ਮੰਡੀਆਂ ਤੋਂ ਕਿਸਾਨਾਂ ਦੇ 1-1 ਦਾਣੇ ਦੀ ਖਰੀਦ ਕਰਨ ਦੇ ਆਦੇਸ਼ ਪਹਿਲਾਂ ਹੀ ਸਰਕਾਰ ਵੱਲੋਂ ਦਿੱਤੇ ਗਏ ਹਨ। ਮੰਡੀਆਂ 'ਚ ਹੌਲੀ ਲਿਫਟਿੰਗ 'ਤੇ ਉਨ੍ਹਾਂ ਕਿਹਾ ਕਿ ਪਿਛਲੇ 23 ਦਿਨਾਂ 'ਚ 2 ਵਾਰ ਸਪੈਸ਼ਲ ਲੱਗਣ ਨਾਲ ਲਿਫਟਿੰਗ ਦੀ ਸਮੱਸਿਆ ਆਈ ਹੈ ਪਰ ਹਫ਼ਤੇ ਭਰ 'ਚ ਹੀ ਲਿਫਟਿੰਗ ਦਾ ਪੂਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।