ਨਿਕਾਸੀ ਨਾ ਹੋਣ ਕਾਰਨ 10 ਏਕੜ ਫਸਲ ਤੇ ਸਬਜ਼ੀਆਂ ਤਬਾਹ
Friday, Aug 11, 2017 - 12:40 AM (IST)
ਘਨੌਲੀ, (ਸ਼ਰਮਾ)- ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਿੰਘ ਸ਼ਹੀਦਾਂ ਦੇ ਅਸਥਾਨ ਘਨੌਲੀ ਨੇੜੇ ਕਿਸਾਨਾਂ ਦੀ 10 ਏਕੜ 'ਚ ਮੱਕੀ ਦੀ ਫਸਲ ਤੇ ਸਬਜ਼ੀਆਂ ਨਸ਼ਟ ਹੋ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜ਼ ਸਿੰਘ, ਹਰਮੀਤ ਸਿੰਘ ਕਾਲਾ, ਅਵਤਾਰ ਸਿੰਘ, ਬਲਵੰਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤੇ ਪਿੰਡ ਘਨੌਲੀ ਦੇ ਹੋਰ ਜ਼ਿਮੀਂਦਾਰਾਂ ਦੀ ਜ਼ਮੀਨ ਭਾਖੜਾ ਨਹਿਰ ਦੀ ਪਟੜੀ ਲਾਗੇ ਸਿੰਘ ਸ਼ਹੀਦਾਂ ਦੇ ਅਸਥਾਨਾਂ ਨੇੜੇ ਹੈ ਤੇ ਖੇਤਾਂ 'ਚ ਮੱਕੀ ਦੀ ਫਸਲ ਅਤੇ ਸਬਜ਼ੀ ਬੀਜੀ ਹੋਈ ਹੈ ਪਰ ਪਿਛਲੇ ਦਿਨੀਂ ਪਏ ਮੀਂਹ ਕਾਰਨ ਸਾਰਾ ਪਾਣੀ ਖੇਤਾਂ ਵਿਚ ਚਾਰ-ਚਾਰ ਫੁੱਟ ਤੱਕ ਇਕੱਠਾ ਹੋ ਗਿਆ, ਜਿਸ ਕਾਰਨ ਜਿਥੇ ਮੱਕੀ ਦੀ ਫਸਲ ਤਬਾਹ ਹੋ ਗਈ, ਉਥੇ ਹੀ ਸਬਜ਼ੀਆਂ ਵੀ ਖਰਾਬ ਹੋ ਚੁੱਕੀਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਖੇਤਾਂ 'ਚ ਦਾਖਲ ਹੋ ਗਿਆ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।
