ਚੱਕ ਲਮੋਚੜ ਮਾਈਨਰ ''ਤੇ ਪੁਲ ਨਾ ਬਣਨ ਕਾਰਨ ਕਿਸਾਨ ਪ੍ਰੇਸ਼ਾਨ

07/24/2017 12:53:08 AM

ਮੰਡੀ ਘੁਬਾਇਆ,  (ਕੁਲਵੰਤ)— ਪਿੰਡ ਚੱਕ ਭਾਬੜਾ ਤੇ ਚੱਕ ਮੁਹੰਮਦੇ ਵਾਲਾ ਦੇ ਲਾਗਿਓਂ ਲੰਘਦੀ ਚੱਕ ਲਮੋਚੜ ਮਾਈਨਰ ਦੇ ਦੋ ਜਗ੍ਹਾ 'ਤੇ ਪੁਲ ਨਾ ਬਣਨ ਕਾਰਨ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਅਜੇ ਤਾਈਂ ਨਹਿਰ ਦਾ ਪਾਣੀ ਨਸੀਬ ਨਹੀਂ ਹੋਇਆ।
ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਭਾਬੜਾ ਤੇ ਚੱਕ ਮੁਹੰਮਦੇ ਵਾਲਾ ਦੇ ਕਿਸਾਨਾਂ ਹਰਕ੍ਰਿਸ਼ਨ ਲਾਲ, ਬਿਸ਼ਨ ਚੰਦ, ਮੁਖਤਿਆਰ ਸਿੰਘ, ਜੰਗੀਰ ਸਿੰਘ, ਰੇਸ਼ਮ ਸਿੰਘ, ਸਤਪਾਲ ਸਿੰਘ, ਹਰਭਗਵਾਨ ਦਾਸ, ਦੇਸ ਰਾਜ, ਬਲਦੇਵ ਰਾਜ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੂੰ ਚੱਕ ਲਮੋਚੜ ਮਾਈਨਰ ਦਾ ਪਾਣੀ ਲੱਗਦਾ ਹੈ ਪਰ ਇਸ ਨਹਿਰ ਨੂੰ ਪੁਰਾਣੀਆਂ ਟਾਈਲਾਂ ਤੋਂ ਲੈ ਕੇ ਕਿਲੋਮੀਟਰ ਦੇ ਕਰੀਬ ਜਾ ਕੇ ਨਵੀਆਂ ਟਾਈਲਾਂ ਬਣਾਈਆਂ ਗਈਆਂ ਹਨ ਤੇ ਇਸ ਨਹਿਰ ਦਾ ਕਰੀਬ ਕਿਲੋਮੀਟਰ ਦਾ ਹਿੱਸਾ ਪੱਕਾ ਕੀਤਾ ਗਿਆ ਹੈ, ਜਿਸ ਕਾਰਨ ਇਹ ਨਹਿਰ ਹੁਣ ਉੱਚੀ ਹੋ ਗਈ ਹੈ ਤੇ ਹੁਣ ਪਾਣੀ ਸੜਕਾਂ ਦੇ ਥੱਲਿਓਂ ਮੋਘਿਆਂ 'ਚੋਂ ਨਹੀਂ ਲੰਘ ਸਕਦਾ। 
ਇਸੇ ਨਹਿਰ 'ਤੇ ਦੋ ਸੜਕਾਂ ਪੈਂਦੀਆਂ ਹਨ ਇਕ ਸੜਕ ਚੱਕ ਭਾਬੜਾ ਤੋਂ ਚੱਕ ਮੁਹੰਮਦੇ ਵਾਲਾ, ਚੱਕ ਲਮੋਚੜ ਆਦਿ ਪਿੰਡਾਂ ਨੂੰ ਜਾਂਦੀ ਹੈ ਤੇ ਦੂਸਰੀ ਸੜਕ ਚੱਕ ਮੋਚਨ ਵਾਲਾ, ਚੱਕ ਖੁੰਡਵਾਲਾ ਨੂੰ ਜੋੜਦੀ ਹੈ, ਜਿਸ ਕਾਰਨ ਇਨ੍ਹਾਂ ਜਗ੍ਹਾ 'ਤੇ ਪੁਲ ਬਣਾਉਣ ਲਈ ਸਬੰਧਿਤ ਠੇਕੇਦਾਰ ਵੱਲੋਂ ਜਗ੍ਹਾ ਛੱਡੀ ਗਈ ਹੈ ਪਰ ਇਨ੍ਹਾਂ ਦੋਵਾਂ ਥਾਵਾਂ 'ਤੇ ਹਾਲੇ ਤਾਈਂ ਪੁਲਾਂ ਦੇ ਨਿਰਮਾਣ ਦਾ ਕੰਮ ਵੀ ਚਾਲੂ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਨਹਿਰ 'ਚ ਪਿੱਛਿਓਂ ਕਈ ਵਾਰ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਇਸ ਨਹਿਰ ਦਾ ਅੱਗੇ ਨਿਕਾਸ ਨਾ ਹੋਣ ਕਾਰਨ ਇਹ ਜਗ੍ਹਾ-ਜਗ੍ਹਾ ਤੋਂ ਟੁੱਟ ਰਹੀ ਹੈ। ਪਹਿਲਾਂ ਉਨ੍ਹਾਂ ਨੂੰ ਪੁਰਾਣੀਆਂ ਟਾਈਲਾਂ ਤੋਂ ਪਾਣੀ ਕੱਚੀ ਨਹਿਰ 'ਚ ਆਉਂਦਾ ਸੀ, ਜਿਸ ਦਾ ਨਿਕਾਸ ਸੜਕਾਂ ਦੇ ਥੱਲੇ ਲੱਗੇ ਮੋਘਿਆਂ ਤੋਂ ਕੀਤਾ ਜਾਂਦਾ ਸੀ ਤੇ ਨਹਿਰ ਤੋਂ ਹੀ ਉਹ ਆਪਣੀ ਫ਼ਸਲ ਪਕਾਉਂਦੇ ਸਨ। 
ਇਸ ਸਬੰਧੀ ਉਹ ਨਹਿਰੀ ਵਿਭਾਗ ਦੇ ਜੇ. ਈ. ਕੀਮਤੀ ਲਾਲ ਤੇ ਐੱਸ. ਡੀ. ਓ. ਨੂੰ ਮਿਲ ਚੁੱਕੇ ਹਨ ਪਰ ਅਜੇ ਤਾਈਂ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਪੁਲਾਂ ਨੂੰ ਬਣਾਇਆ ਜਾਵੇ, ਤਾਂ ਜੋ ਪਾਣੀ ਨੂੰ ਤਰਸ ਰਹੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਨੂੰ ਪਾਣੀ ਲਗਾ ਸਕਣ।


Related News