ਰੇਲਵੇ ਸਟੇਸ਼ਨ ''ਤੇ ਬੇਨਿਯਮੀਆਂ ਦੇਖ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡੀ. ਆਰ. ਐੱਮ. ਨੇ ਲਾਈ ਕਲਾਸ

07/21/2017 5:47:02 PM

ਅੰਮ੍ਰਿਤਸਰ - ਫਿਰੋਜ਼ਪੁਰ ਰੇਲਵੇ ਮੰਡਲ ਦੇ ਨਵ-ਨਿਯੁਕਤ ਡੀ. ਆਰ. ਐੱਮ. ਵਿਵੇਕ ਕੁਮਾਰ ਨੇ ਆਪਣੇ ਪੂਰੇ ਦਲ-ਬਲ ਨਾਲ ਅੰਮ੍ਰਿਤਸਰ ਦੇ ਮਾਡਲ ਕਹਾਉਣ ਵਾਲੇ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਡੀ. ਆਰ. ਐੱਮ. ਵਿਵੇਕ ਕੁਮਾਰ ਆਪਣੀ ਵਿਸ਼ੇਸ਼ ਬੋਗੀ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਉਨ੍ਹਾਂ ਦਾ ਸਵਾਗਤ ਅੰਮ੍ਰਿਤਸਰ ਸਟੇਸ਼ਨ ਦੇ ਸਟੇਸ਼ਨ ਮਾਸਟਰ ਭੂਸ਼ਨ ਨੰਦਵਾਨੀ ਤੇ ਹੋਰ ਅਧਿਕਾਰੀਆਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਟੇਸ਼ਨ 'ਤੇ ਰੇਲਵੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਉਹ ਪਲੇਟਫਾਰਮ ਨੰਬਰ-1 'ਤੇ ਗਏ ਅਤੇ ਕੁਝ ਯਾਤਰੀਆਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ, ਕਰੰਟ ਟਿਕਟ ਕਾਊਂਟਰ, ਸਟੇਸ਼ਨ ਦੇ ਵੇਟਿੰਗ ਹਾਲ, ਉਡੀਕ ਘਰ ਦਾ ਵੀ ਨਿਰੀਖਣ ਕੀਤਾ ਤਾਂ ਉਥੇ ਸਫਾਈ ਵਿਵਸਥਾ ਦੇਖ ਕੇ ਅਧਿਕਾਰੀਆਂ ਦੀ ਕਲਾਸ ਲਾਈ ਤੇ ਉਥੇ ਸਫਾਈ ਵਿਵਸਥਾ ਸੁਚਾਰੂ ਰੱਖਣ ਦੀ ਚਿਤਾਵਨੀ ਦਿੱਤੀ। ਉਥੇ ਪਲੇਟਫਾਰਮ 'ਤੇ ਬੈਠਣ ਦਾ ਪ੍ਰਬੰਧ ਨਾ ਹੋਣ 'ਤੇ ਅਧਿਕਾਰੀਆਂ ਦੀ ਕਲਾਸ ਲਾਈ ਗਈ। ਇਸ ਦੌਰਾਨ ਉਨ੍ਹਾਂ ਨੇ ਰੇਲਵੇ ਸਟੇਸ਼ਨ 'ਤੇ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈ ਕੇ ਪੂਰੀ ਰੂਪ-ਰੇਖਾ ਜਾਣੀ। ਇਸ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਯਾਰਡ, ਵਾਸ਼ਿੰਗ ਲਾਈਨ ਦਾ ਵੀ ਨਿਰੀਖਣ ਕੀਤਾ ਅਤੇ ਉਥੇ ਵੀ ਹੋਣ ਵਾਲੇ ਵਿਕਾਸ ਕੰਮਾਂ ਦੀ ਰੂਪ-ਰੇਖਾ ਦੀ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।


Related News