ਫੈਕਟਰੀ ਕਾਰਨ ਖੂਹਾਂ ਦਾ ਪਾਣੀ ਜ਼ਹਿਰੀਲਾ!

Thursday, Jul 26, 2018 - 12:40 AM (IST)

ਫੈਕਟਰੀ ਕਾਰਨ ਖੂਹਾਂ ਦਾ ਪਾਣੀ ਜ਼ਹਿਰੀਲਾ!

ਸੁਖਸਾਲ, (ਕੌਸ਼ਲ)- ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ’ਤੇ ਸੂਬਾ ਸਰਕਾਰ ਦੀ  ਉਦਯੋਗਿਕ ਇਕਾਈ ਪੀ.ਏ.ਸੀ.ਐੱਲ ’ਤੇ ਇਕ ਵਾਰ ਫਿਰ ਤੋਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ  ਪਿੰਡਾਂ ਦੇ ਕੁਝ ਲੋਕਾਂ ਨੇ ਫੈਕਟਰੀ ਕਾਰਨ ਖੂਹਾਂ ਦਾ ਪਾਣੀ ਜ਼ਹਰੀਲਾ ਹੋਣ ਦਾ  ਦੋਸ਼ ਲਗਾਇਆ ਹੈ। ਜਦਕਿ ਪੀ.ਏ.ਸੀ.ਐੱਲ. ਮੈਨੇਜਮੈਂਟ ਨੇ ਪਿੰਡ ਵਾਸੀਆਂ ਦੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਲਾਂਟ ਜ਼ੀਰੋ ਡਿਸਚਾਰਜ ’ਤੇ ਕੰਮ ਕਰ ਰਿਹਾ ਹੈ। 
ਪਲਾਂਟ ਤੋਂ ਪਾਣੀ ਦੀ ਇਕ ਬੂੰਦ ਵੀ ਬਾਹਰ ਨਹੀਂ ਜਾਂਦੀ, ਪਲਾਂਟ ਤੋਂ ਨਿਕਲਣ ਵਾਲੇ ਵਿਅਰਥ ਪਾਣੀ ਨੂੰ ਆਰ.ਓ ਰਾਹੀਂ ਪੂਰਾ ਸਾਫ਼ ਕਰਕੇ ਫੈਕਟਰੀ ਵਿਚ ਪੀਣ ਦੇ ਨਾਲ-ਨਾਲ ਹੋਰ ਕੰਮਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ। ਉਨ੍ਹਾਂ ਫੈਕਟਰੀ ਦੇ ਨਾਲ ਲੱਗਦੇ ਪਿੰਡਾਂ ਦੇ ਪਾਣੀ ਵਿਚ ਸੋਡੀਅਮ ਦੀ ਜ਼ਿਆਦਾ ਮਾਤਰਾ ’ਤੇ ਹੈਰਾਨੀ ਪ੍ਰਗਟ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਫੈਕਟਰੀ ਵਿਚੋਂ ਲਏ ਜਾ ਰਹੇ ਪਾਣੀ ਦੇ ਸੈਂਪਲ ਵਿਚ ਸੋਡੀਅਮ ਦੀ ਮਾਤਰਾ ਸਹੀ ਹੈ ਤਾਂ ਨਾਲ ਲੱਗਦੇ ਪਿੰਡਾਂ ਦੇ ਪਾਣੀ ਵਿਚ ਸੋਡੀਅਮ ਦੀ ਮਾਤਰਾ ਜ਼ਿਆਦਾ ਕਿਵੇਂ ਹੋ ਸਕਦੀ ਹੈ। ਉਨ੍ਹਾਂ ਧਰਮਸ਼ਾਲਾ ਤੋਂ ਆਈ ਪਾਣੀ ਦੀ ਰਿਪੋਰਟ ’ਤੇ ਕਿਹਾ ਕਿ ਇਹ ਪਾਣੀ ਕਿੱਥੋਂ ਲਿਆ ਗਿਆ ਹੈ ਅਤੇ ਕਿਸ ਨੇ ਲਿਆ ਹੈ, ਬਾਰੇ ਸਾਡੇ ਕਿਸੇ ਵੀ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਹੈ। 
ਜ਼ਿਕਰਯੋਗ ਹੈ ਕਿ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਜ਼ਿਲਾ ਊਨਾ ਦੇ ਪਿੰਡ ਬੀਣੇਵਾਲ ਅਤੇ ਮਲੂਕਪੁਰ ਆਦਿ ’ਚ ਜ਼ਹਰੀਲੇ ਪਾਣੀ ਕਾਰਨ ਬਿਮਾਰੀਆਂ ਅਤੇ ਫਸਲਾਂ ਦੇ ਖ਼ਰਾਬ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ, ਜਿਸ ’ਤੇ ਜ਼ਿਲਾ ਪ੍ਰੀਸ਼ਦ ਮੈਂਬਰ ਪੰਕਜ ਸਹੋਡ਼ ਨੇ ਇਹ ਮਾਮਲਾ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਰੱਖਿਆ ਸੀ, ਜਿਸ ਕਾਰਨ ਪਿੰਡਾਂ ਦੇ ਪਾਣੀ ਦੇ ਸੈਂਪਲ ਧਰਮਸ਼ਾਲਾ ਭੇਜੇ ਸਨ।
 ਰਿਪੋਰਟ ਵਿਚ ਪਤਾ ਲੱਗਾ ਸੀ ਕਿ ਇਕ ਲੀਟਰ ਪਾਣੀ ’ਚ ਸੋਡੀਅਮ ਦੀ ਮਾਤਰਾ 200 ਤੋਂ ਲੈ ਕੇ 250 ਐੱਮ.ਜੀ. ਤੱਕ ਹੈ, ਜਦਕਿ ਇਹ ਮਾਤਰਾ 20 ਐੱਮ.ਜੀ ਹੋਣੀ ਚਾਹੀਦੀ ਹੈ। ਸਰਕਾਰੀ ਰਿਪੋਰਟ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਚੌਕਸ ਹੋ ਗਿਆ ਹੈ ਅਤੇ ਉਸ ਨੇ ਇਸ ਦੀ ਸੁੂਚਨਾ ਹਿਮਾਚਲ, ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦੇ ਦਿੱਤੀ ਹੈ। ਬੀਣੇਵਾਲ ਅਤੇ ਮਲੂਕਪੁਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਕਤ ਫੈਕਟਰੀ ਦੇ ਗੰਦੇ ਪਾਣੀ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ ਅਤੇ ਇਸ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। 

ਮਾਮਲਾ ਚੁੱਕਣ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਏ ਸਨ ਪਾਣੀ ਦੇ ਸੈਂਪਲ : ਪੰਕਜ
ਇਸ ਸਬੰਧੀ ਜ਼ਿਲਾ ਪ੍ਰੀਸ਼ਦ ਮੈਂਬਰ ਪੰਕਜ ਸਹੋਡ਼ ਨੇ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਚੁੱਕਣੀਆਂ ਮੇਰਾ ਫਰਜ਼ ਹੈ। ਇਹ ਮਾਮਲਾ ਮੈਂ ਜ਼ਿਲਾ ਪ੍ਰੀਸ਼ਦ ’ਚ ਚੁੱਕਿਆ ਸੀ ਜਿਸ ’ਤੇ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਣੀ ਦੇ ਸੈਂਪਲ ਲਏ ਸਨ, ਜਿਸ ਵਿਚ ਸੋਡੀਅਮ ਦੀ ਮਾਤਰਾ ਜ਼ਿਆਦਾ ਆਈ ਹੈ। 
ਪਲਾਂਟ ਜ਼ੀਰੋ ਡਿਸਚਾਰਜ ’ਤੇ ਕਰਦੈ ਕੰਮ : ਡੀ.ਜੀ.ਐੱਮ.
ਇਸ ਸਬੰਧੀ ਫੈਕਟਰੀ ਦੇ ਡੀ.ਜੀ.ਐੱਮ, ਐੱਮ.ਪੀ.ਐੱਸ ਵਾਲੀਆ ਨੇ ਕਿਹਾ ਕਿ ਪਲਾਂਟ ਜ਼ੀਰੋ ਡਿਸਚਾਰਜ ’ਤੇ ਕੰਮ ਕਰਦਾ ਹੈ ਜਿਸ ਕਾਰਨ ਪਾਣੀ ਦੀ ਇੱਕ ਵੀ ਬੂੰਦ ਪਲਾਂਟ ਤੋਂ ਬਾਹਰ ਨਹੀਂ ਜਾਂਦੀ। ਉਨ੍ਹਾਂ ਪਾਣੀ ਦੇ ਸੈਂਪਲ ’ਤੇ ਵੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਾਣੀ ਦਾ ਇਹ ਸੈਂਪਲ ਕਿੱਥੋਂ ਲਿਆ ਗਿਆ ਹੈ ਜਿਸ ਦੀ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਵੀ ਬੋਰਵੈਲ ਹਨ ਜਿੱਥੋਂ ਵੀ ਸਮੇਂ-ਸਮੇਂ ਸਿਰ ਪਾਣੀ ਦੇ ਸੈਂਪਲ ਲਏ ਜਾਂਦੇ ਹਨ ਜਿਸ ਦੀ ਕਦੇ ਵੀ ਗਲਤ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਮੈਂਬਰ ਸਾਡੇ ਤੋਂ ਅਾਪਣਾ ਨਿੱਜੀ ਕੰਮ ਲੈਣਾ ਚਾਹੁੰਦਾ ਹੈ, ਜਿਸ ਕਾਰਨ ਅਜਿਹੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ। 
 


Related News