ਵੱਧ ਵੋਲਟੇਜ ਆਉਣ ਕਾਰਨ ਬਿਜਲੀ ਦੇ ਉਪਕਰਨ ਤੇ ਹੋਰ ਘਰੇਲੂ ਸਮਾਨ ਸੜਕੇ ਸਵਾਹ

Saturday, Aug 19, 2017 - 09:35 PM (IST)

ਕੋਟ ਈਸੇ ਖਾਂ (ਛਾਬੜਾ)—ਸਥਾਨਕ ਸ਼ਹਿਰ ਦੇ ਜ਼ੀਰਾ ਰੋਡ 'ਤੇ ਇੱਕ ਮਕਾਨ ਵਿਚ ਅਚਾਨਕ ਅੱਗ ਲੱਗ ਜਾ ਕਾਰਨ ਬਿਜਲੀ ਦੇ ਉਪਕਰਨ ਤੇ ਹੋਰ ਘਰੇਲੂ ਸਮਾਨ ਸੜਕੇ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਵਿਚ ਕੋਈ ਵੀ ਮੌਜ਼ੂਦ ਨਹੀਂ ਸੀ। ਘਰ ਵਿਚੋਂ ਧੂੰਆ ਨਿਕਲਦਾ ਵੇਖ ਗਵਾਢੀਆਂ ਦੇ ਫੋਨ ਕਰਨ 'ਤੇ ਪਰਿਵਾਰਕ ਮੈਂਬਰ ਘਰ ਪੁੱਜੇ ਤਾਂ ਉਸ ਸਮੇਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਵੱਧ ਵੋਲਟੇਜ ਮੰਨਿਆ ਜਾ ਰਿਹਾ ਹੈ ਕਿਉਂਕਿ ਹੋਰ ਨੇੜਲੇ ਕਈ ਘਰਾਂ ਦੇ ਵੀ ਬਿਜਲੀ ਉਪਕਰਨ ਸੜਨ ਦਾ ਪਤਾ ਲੱਗਾ ਹੈ। ਘਰ ਦੇ ਮਾਲਕ ਕੰਵਰਜੀਤ ਸਿੰਘ ਲਾਲੀ ਅਨੁਸਾਰ ਉਹ ਅਤੇ ਪਰਿਵਾਰਕ ਮੈਂਬਰ ਰੋਜ਼ਮਰਾ ਦੀ ਤਰ੍ਹਾਂ ਕੰਮ ਕਾਰ ਦੇ ਸਬੰਧ ਵਿਚ ਘਰ ਤੋਂ ਬਾਹਰ ਸਨ ਕਿ ਸ਼ਾਮ ਨੂੰ ਛੇ ਕੁ ਵਜੇ ਦੇ ਕਰੀਬ ਗਵਾਂਢੀਆਂ ਨੇ ਘਰ ਵਿਚੋਂ ਧੂੰਆ ਨਿਕਲਣ ਸਬੰਧੀ ਫੋਨ 'ਤੇ ਜਾਣਕਾਰੀ ਦਿੱਤੀ, ਅਸੀਂ ਜਦੋਂ ਘਰ ਪਹੁੰਚ ਕੇ ਦੇਖਿਆ ਤਾਂ ਅੱਗ ਨਾਲ ਏ.ਸੀ., ਐੱਲ.ਈ.ਡੀ., ਟੀ.ਵੀ, ਕੰਪਿਊਟਰ, ਅਲਮਾਰੀ ਤੋਂ ਇਲਾਵਾ ਹੋਰ ਫਰਨੀਚਰ ਆਦਿ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਸਮਾਨ ਸੜਕੇ ਸਵਾਹ ਹੋ ਚੁੱਕਾ ਸੀ। ਬਾਕੀ ਬਚੇ ਹੋਏ ਸਮਾਨ ਨੂੰ ਉਨ੍ਹਾਂ ਹੋਰਨਾਂ ਦੀ ਸਹਾਇਤਾ ਨਾਲ ਅੱਗ ਤੋਂ ਬਚਾਅ ਲਿਆ। ਪਰਿਵਾਰਕ ਮੈਂਬਰਾਂ ਨੇ ਸਬੰਧਤ ਮਹਿਕਮੇ ਨੂੰ ਦਰਖਾਸਤ ਦੇ ਕੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ।


Related News