ਸਬਜ਼ੀਆਂ ''ਤੇ ਵੀ ਪਈ ਧੂੰਏਂ ਤੇ ਸੰਘਣੀ ਧੁੰਦ ਦੀ ਮਾਰ
Tuesday, Nov 14, 2017 - 02:37 AM (IST)

ਫ਼ਿਰੋਜ਼ਪੁਰ, (ਕੁਮਾਰ)— ਪ੍ਰਦੂਸ਼ਿਤ ਧੂੰਏਂ ਅਤੇ ਸੰਘਣੀ ਧੁੰਦ ਕਾਰਨ ਆਵਾਜਾਈ, ਰੇਲ-ਗੱਡੀਆਂ ਤੇ ਬੱਸਾਂ ਹੀ ਪ੍ਰਭਾਵਿਤ ਨਹੀਂ ਹੋਈਆਂ, ਇਸਦੀ ਮਾਰ ਸਬਜ਼ੀਆਂ 'ਤੇ ਵੀ ਪਈ ਹੈ, ਜਿਸ ਕਾਰਨ ਲੋਕਾਂ ਦੇ ਰਸੋਈ ਘਰਾਂ ਦਾ ਬਜਟ ਵਿਗੜ ਗਿਆ ਹੈ ਅਤੇ ਮੰਡੀਆਂ ਵਿਚ ਸਬਜ਼ੀਆਂ ਘੱਟ ਆਉਣ ਕਰ ਕੇ ਰੇਟ ਆਸਮਾਨ ਨੂੰ ਛੂਹਣ ਲੱਗੇ ਹਨ।
ਮੈਰਿਜ ਪੈਲੇਸਾਂ ਤੇ ਵਿਆਹ ਕਰਨ ਵਾਲਿਆਂ ਨੂੰ ਝੱਲਣੀਆਂ ਪੈ ਰਹੀਆਂ ਨੇ ਮੁਸ਼ਕਲਾਂ
ਮੈਰਿਜ ਪੈਲੇਸਾਂ ਅਤੇ ਵਿਆਹ ਸ਼ਾਦੀਆਂ ਕਰਨ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੀ ਅਤੇ ਬਰਾਤੀਆਂ ਦੀ ਮੰਗ ਅਤੇ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਹੋਰਨਾਂ ਸੂਬਿਆਂ ਤੋਂ ਮਹਿੰਗੇ ਭਾਅ ਵਿਚ ਸਬਜ਼ੀਆਂ ਤੇ ਫਲ ਖਰੀਦ ਕੇ ਲਿਆਉਣੇ ਪੈ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਕਈ ਸਬਜ਼ੀਆਂ ਦੇ ਰੇਟ ਤਾਂ ਦੁੱਗਣੇ ਹੋ ਗਏ ਹਨ।
ਮੰਡੀਆਂ 'ਚ ਘੱਟ ਆ ਰਹੀਆਂ ਨੇ ਸਬਜ਼ੀਆਂ
ਧੁੰਦ ਕਾਰਨ ਪੰਜਾਬ ਦੀਆਂ ਸੜਕਾਂ 'ਤੇ 3 ਦਿਨ ਹੋਏ ਲਗਾਤਾਰ ਹਾਦਸਿਆਂ ਤੋਂ ਬਾਅਦ ਆਵਾਜਾਈ ਘੱਟ ਗਈ ਹੈ ਅਤੇ ਦਿੱਲੀ ਤੇ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਦੀਆਂ ਗੱਡੀਆਂ ਦੀ ਆਮਦ ਵੀ ਪੰਜਾਬ ਦੇ ਸ਼ਹਿਰਾਂ ਵਿਚ ਘੱਟ ਹੈ। ਅੱਜਕਲ ਮੰਡੀਆਂ ਵਿਚ ਇਕ ਤਾਂ ਸਭ ਤਰ੍ਹਾਂ ਦੀਆਂ ਸਬਜ਼ੀਆਂ ਪਹੁੰਚ ਨਹੀਂ ਪਾ ਰਹੀਆਂ, ਜਿਸ ਕਾਰਨ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ ਅਤੇ ਲੋਕਾਂ ਨੂੰ ਰੋਜ਼ਾਨਾ ਤਾਜ਼ਾ ਸਬਜ਼ੀਆਂ ਮਿਲ ਨਹੀਂ ਪਾਉਂਦੀਆਂ। ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਉਦੋਂ ਤੱਕ ਮੰਡੀਆਂ ਵਿਚ ਨਹੀਂ ਪਹੁੰਚ ਸਕਦੀਆਂ ਜਦੋਂ ਤੱਕ ਮੌਸਮ ਸਾਫ ਨਹੀਂ ਹੁੰਦਾ ਅਤੇ ਸੜਕਾਂ 'ਤੇ ਪਹਿਲਾਂ ਦੀ ਤਰ੍ਹਾਂ ਆਵਾਜਾਈ ਬਹਾਲ ਨਹੀਂ ਹੁੰਦੀ।
ਕੀ ਕਹਿੰਦੇ ਨੇ ਸਬਜ਼ੀ ਵਿਕਰੇਤਾ ਰਾਜੂ
ਫਿਰੋਜ਼ਪੁਰ ਦੇ ਸਬਜ਼ੀ ਵਿਕਰੇਤਾ ਰਾਜੂ ਨੇ ਦੱਸਿਆ ਕਿ ਜਦੋਂ ਦੂਸਰੇ ਸੂਬਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਸਾਨੂੰ ਮਹਿੰਗੀਆਂ ਮਿਲਣਗੀਆਂ ਤਾਂ ਮਜਬੂਰਨ ਸਾਨੂੰ ਵੀ ਉਹ ਸਬਜ਼ੀਆਂ ਮਹਿੰਗੀਆਂ ਵੇਚਣੀਆਂ ਪੈਣਗੀਆਂ। ਵਾਹਨ ਚਾਲਕ ਜਾਨ ਖਤਰੇ ਵਿਚ ਪਾ ਕੇ ਸਬਜ਼ੀਆਂ ਤੇ ਫਲ ਹੋਰ ਸੂਬਿਆਂ ਤੋਂ ਵੱਖ-ਵੱਖ ਸ਼ਹਿਰਾਂ ਤੱਕ ਲੈ ਕੇ ਪਹੁੰਚਦੇ ਹਨ ਅਤੇ ਜਦੋਂ ਧੁੰਦ ਜ਼ਿਆਦਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਮਜਬੂਰਨ ਰਸਤਿਆਂ ਵਿਚ ਕਈ-ਕਈ ਘੰਟੇ ਰੁਕਣਾ ਪੈਂਦਾ ਹੈ। ਇਸ ਲਈ ਜਿਥੇ ਮੰਡੀਆਂ ਵਿਚ ਉਨ੍ਹਾਂ ਨੂੰ ਰੋਜ਼ਾਨਾ ਸਬਜ਼ੀਆਂ ਤੇ ਫਲ ਪਹੁੰਚਾਉਣਾ ਮੁਸ਼ਕਲ ਹੁੰਦਾ ਹੈ, ਉਥੇ ਹੀ ਉਨ੍ਹਾਂ ਦੇ ਖਰਚੇ ਵੀ ਵੱਧ ਜਾਂਦੇ ਹਨ।
ਗਰੀਬਾਂ ਨੂੰ ਸਬਜ਼ੀਆਂ ਸਸਤੀਆਂ ਹੋਣ ਦਾ ਰਹਿੰਦਾ ਹੈ ਇੰਤਜ਼ਾਰ ਮੰਡੀ ਘੁਬਾਇਆ, (ਕੁਲਵੰਤ)—ਗਰੀਬ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਸਸਤੀਆਂ ਹੋਣ ਦਾ ਇੰਤਜ਼ਾਰ ਰਹਿੰਦਾ ਹੈ ਪਰ ਦਿਨੋਂ-ਦਿਨ ਮਹਿੰਗੀਆਂ ਹੋਣ ਕਰ ਕੇ ਇਹ ਮਾਮਲਾ ਗਰੀਬਾਂ ਲਈ ਬਿਲਕੁਲ ਉਲਟ ਜਾਪਦਾ ਹੈ। ਪਿਛਲੇ ਕੁਝ ਦਿਨਾਂ ਤੋਂ ਹਰੀਆਂ ਸਬਜ਼ੀਆਂ ਦੇ ਰੇਟ ਆਸਮਾਨੀ ਚੜ੍ਹੇ ਹੋਏ ਹਨ, ਜੋ ਥੱਲੇ ਆਉਣ ਦਾ ਨਾਂ ਹੀ ਨਹੀਂ ਲੈ ਰਹੇ।
ਜਾਣਕਾਰੀ ਅਨੁਸਾਰ ਸਥਾਨਕ ਘੁਬਾਇਆ ਦੇ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਅੱਜ ਵੀ ਮਟਰ 90 ਤੋਂ 100 ਰੁਪਏ, ਸ਼ਿਮਲਾ ਮਿਰਚ 80 ਤੋਂ 90, ਟਮਾਟਰ 50 ਤੋਂ 60 ਰੁਪਏ, ਅਦਰਕ 80 ਤੋਂ 90 ਰੁਪਏ, ਗਾਜਰ 45 ਰੁਪਏ, ਬੈਂਗਣ 30 ਤੋਂ 40 ਰੁਪਏ, ਬੰਦ ਗੋਭੀ 55 ਰੁਪਏ, ਹਰੀ ਮਿਰਚ 75 ਰੁਪਏ, ਖੀਰਾ 40 ਰੁਪਏ, ਫੁੱਲ ਗੋਭੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿਆਜ਼ ਅਤੇ ਲੱਸਣ ਦੇ ਰੇਟ ਵੀ ਆਸਮਾਨੀ ਚੜ੍ਹੇ ਹੋਏ ਹਨ। ਨੋਟਬੰਦੀ ਤੇ ਜੀ. ਐੱਸ. ਟੀ. ਤੋਂ ਬਾਅਦ ਜਿਥੇ ਲੋਕ ਆਰਥਿਕ ਮੰਦੀ ਦੀ ਮਾਰ ਹੇਠ ਹਨ, ਉਥੇ ਹੀ ਗਰੀਬ ਲੋਕਾਂ ਲਈ ਮਹਿੰਗੇ ਰੇਟ 'ਤੇ ਸਬਜ਼ੀਆਂ ਖਰੀਦਣਾ ਕਾਫੀ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਦੁਕਾਨਾਂ 'ਤੇ ਲੋਕ ਬਹੁਤ ਘੱਟ ਹੀ ਜਾਂਦੇ ਹਨ। ਜੇਕਰ ਮੌਸਮ ਕੁਝ ਦਿਨ ਹੋਰ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਸਬਜ਼ੀਆਂ ਦੇ ਰੇਟ ਹੋਰ ਵਧ ਸਕਦੇ ਹਨ।