ਸੀਵਰੇਜ ਪਾਈਪ ਦੇ ਟੁੱਟਣ ਨਾਲ ਧਸੀ ਬੇਲਾ ਰੋਡ

03/17/2018 12:09:56 AM

ਰੂਪਨਗਰ, (ਕੈਲਾਸ਼)- ਬੇਲਾ ਰੋਡ 'ਤੇ ਪਰਮਾਰ ਹਸਪਤਾਲ ਦੇ ਨੇੜੇ ਸੀਵਰੇਜ ਦੀ ਪਾਈਪ ਟੁੱਟ ਜਾਣ ਕਾਰਨ ਸੜਕ 'ਤੇ ਪਿਆ ਡੂੰਘਾ ਟੋਇਆ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।
ਜਾਣਕਾਰੀ ਅਨੁਸਾਰ ਕਰੀਬ ਚਾਰ-ਪੰਜ ਦਿਨ ਪਹਿਲਾਂ ਉਕਤ ਟੋਇਆ ਜੋ ਸੜਕ ਧਸਣ ਨਾਲ ਬਣ ਗਿਆ ਸੀ, ਦੇ ਸਬੰਧ 'ਚ ਲੋਕਾਂ ਨੇ ਦੱਸਿਆ ਕਿ ਅਚਾਨਕ ਹੀ ਸੜਕ ਕਰੀਬ 8-10 ਫੁੱਟ ਡੂੰਘੀ ਧਸ ਗਈ ਅਤੇ ਭਾਰੀ ਮਾਤਰਾ 'ਚ ਉਕਤ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਹੋਣ ਕਾਰਨ ਉਨ੍ਹਾਂ ਦੀ ਰੱਖਿਆ ਲਈ ਦੁਕਾਨਦਾਰਾਂ ਵੱਲੋਂ ਹੀ ਧਸੀ ਸੜਕ 'ਚ ਦਰੱਖਤਾਂ ਦੀਆਂ ਟਾਹਣੀਆਂ ਤੇ ਆਲੇ-ਦੁਆਲੇ ਪੱਥਰ ਲਾਏ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਰਮਾਰ ਹਸਪਤਾਲ 'ਚ ਇਕ ਸਮਾਰੋਹ ਕਰਵਾਇਆ ਗਿਆ ਸੀ ਜਿਸ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਵੀ. ਸਿੰਘ ਉਚੇਚੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਰ ਇਸ ਮੌਕੇ 'ਤੇ ਵੀ ਟੋਏ ਦੇ ਨੇੜੇ ਜਾਂ ਆਲੇ-ਦੁਆਲੇ ਸੁਰੱਖਿਆ ਕਾਰਨ ਚਿਤਾਵਨੀ ਬੋਰਡ ਤੱਕ ਨਹੀਂ ਲਾਏ ਗਏ, ਜੋ ਵਿਭਾਗੀ ਕਾਰਵਾਈ 'ਤੇ ਹੈਰਾਨੀ ਪ੍ਰਗਟ ਕਰਦਾ ਹੈ। 
ਕੀ ਕਹਿੰਦੇ ਨੇ ਕੌਂਸਲ ਦੇ ਅਧਿਕਾਰੀ-ਇਸ ਸਬੰਧੀ ਨਗਰ ਕੌਂਸਲ ਰੂਪਨਗਰ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੇ ਦੱਸਿਆ ਕਿ ਅੱਜ ਉਹ ਸੀਵਰੇਜ ਦੀ ਪਾਈਪ ਟੁੱਟਣ ਕਾਰਨ ਬਲਾਕ ਹੋਏ ਸੀਵਰੇਜ ਨੂੰ ਚਾਲੂ ਕਰਵਾਉਣ ਲਈ ਮਸ਼ੀਨ ਲੈ ਕੇ ਮੌਕੇ 'ਤੇ ਗਏ ਸੀ। ਸੀਵਰੇਜ ਦੀ ਪਾਈਪ ਟੁੱਟ ਜਾਣ ਕਾਰਨ ਨਾਲ ਲੱਗਦੇ ਖੇਤਰ ਪ੍ਰਭਾਵਿਤ ਹੋਏ ਹਨ। ਬੀਤੇ ਦਿਨ ਪਰਮਾਰ ਹਸਪਤਾਲ 'ਚ ਆਯੋਜਿਤ ਸਮਾਰੋਹ ਕਾਰਨ ਇਸ ਦੀ ਮੁਰੰਮਤ ਟਾਲ ਦਿੱਤੀ ਗਈ ਸੀ ਤਾਂ ਕਿ ਆਵਾਜਾਈ ਪ੍ਰਭਾਵਿਤ ਨਾ ਹੋਵੇ ਪਰ ਹੁਣ ਭਲਕੇ ਤੋਂ ਇੱਥੇ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਓਮ ਪ੍ਰਕਾਸ਼ ਨੇ ਦੱਸਿਆ ਕਿ ਸੀਵਰੇਜ ਦੀ ਪਾਈਪ ਟੁੱਟਣ ਨਾਲ ਬੇਲਾ ਰੋਡ ਉਕਤ ਥਾਂ ਤੋਂ ਦਬ ਚੁੱਕੀ ਹੈ ਜਿਸ ਦੇ ਲਈ ਉਨ੍ਹਾਂ ਦਾ ਵਿਭਾਗ, ਸੀਵਰੇਜ ਬੋਰਡ ਅਤੇ ਕੌਂਸਲ ਅਧਿਕਾਰੀ ਇਸ ਦਾ ਮੁਆਇਨਾ ਕਰ ਚੁੱਕੇ ਹਨ ਅਤੇ ਜਲਦ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ। 


Related News