ਪਾਣੀ ਦਾ ਪੱਧਰ ਵਧਣ ਕਾਰਨ ਸਤਲੁਜ ਦਰਿਆ ’ਚ ਫਸੇ 40 ਵਿਅਕਤੀ, ਸੁਰੱਖਿਅਤ ਬਾਹਰ ਕੱਢਿਆ
Monday, Jul 10, 2023 - 01:59 AM (IST)
ਸਮਰਾਲਾ (ਗਰਗ)-ਪੰਜਾਬ ’ਚ ਭਾਰੀ ਬਰਸਾਤ ਦੇ ਚੱਲਦਿਆਂ ਸਮਰਾਲਾ ਸਬ-ਡਵੀਜ਼ਨ ਅੰਦਰ ਸ੍ਰੀ ਮਾਛੀਵਾੜਾ ਸਾਹਿਬ ਨੇੜੇ ਵਗਦੇ ਸਤਲੁਜ ਦਰਿਆ ਵਿਚ ਰੋਪੜ ਹੈੱਡ ਵਰਕਸ ਤੋਂ ਅਚਾਨਕ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਨਾਲ ਦਰਿਆ ਅੰਦਰ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 11 ਪਰਿਵਾਰ ਪਾਣੀ ਵਿਚ ਘਿਰ ਗਏ ਅਤੇ ਬਾਹਰ ਨਿਕਲਣ ਲਈ ਕੋਈ ਰਸਤਾ ਨਹੀਂ ਬਚਿਆ। ਸਤਲੁਜ ਦਰਿਆ ਦੇ ਪਾਣੀ ਅੰਦਰ ਫਸੇ ਇਨ੍ਹਾਂ ਪਰਿਵਾਰਕ ਮੈਂਬਰਾਂ ਦੀ ਗਿਣਤੀ 45 ਦੇ ਕਰੀਬ ਦੱਸੀ ਗਈ ਹੈ, ਜਿਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਕੀਤਾ ਗ੍ਰਿਫ਼ਤਾਰ
ਇਨ੍ਹਾਂ ਪ੍ਰਵਾਸੀ ਪਰਿਵਾਰਾਂ ਦੇ ਸਤਲੁਜ ਦਰਿਆ ਵਿਚ ਫਸੇ ਹੋਣ ਦੀ ਜਾਣਕਾਰੀ ਮਿਲਦੇ ਹੀ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਐੱਸ. ਡੀ. ਐੱਮ. ਸਮਰਾਲਾ ਕੁਲਦੀਪ ਬਾਵਾ ਤੇ ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਤੁਰੰਤ ਰਾਹਤ ਟੀਮਾਂ ਨੂੰ ਲੈ ਕੇ ਮੌਕੇ ਉੱਤੇ ਪੁੱਜ ਗਏ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਦਰਿਆ ਅੰਦਰ ਖੇਤਾਂ ਵਿਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਦਰਿਆ ਅੰਦਰ ਵਾਹੀਯੋਗ ਜ਼ਮੀਨ ਵਿਚ ਖੇਤੀ ਕਰਦੇ ਸਨ ਅਤੇ ਉੱਥੇ ਝੁੱਗੀਆਂ ਬਣਾ ਕੇ ਰਹਿੰਦੇ ਸਨ ਪਰ ਰਾਤ ਨੂੰ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਇਹ ਅੰਦਰ ਫਸ ਗਏ ਸਨ। ਪ੍ਰਸ਼ਾਸਨ ਵੱਲੋਂ 3 ਵਾਰ ਕਿਸ਼ਤੀ ਦਰਿਆ ਅੰਦਰ ਬਣੀਆਂ ਝੁੱਗੀਆਂ ਕੋਲ ਭੇਜੀ ਗਈ ਅਤੇ ਉਨ੍ਹਾਂ ਨੂੰ ਸਾਮਾਨ ਸਮੇਤ ਬਾਹਰ ਸੁਰੱਖਿਅਤ ਕੱਢ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਭਾਰੀ ਬਰਸਾਤ ਦੌਰਾਨ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ
ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪਰਿਵਾਰਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਲਈ ਨਾਲ ਦੇ ਪਿੰਡ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ।