ਕੰਮ ਲਈ ਦੁਬਈ ਭੇਜਣ ਦਾ ਝਾਂਸਾ ਦੇ ਕੇ ਔਰਤ ਨੂੰ ਉਮਾਨ ’ਚ ਵੇਚਿਆ, ਏਜੰਟ ਦੀ ਸਹਾਇਕ ਗ੍ਰਿਫਤਾਰ
Monday, Oct 10, 2022 - 05:09 PM (IST)
 
            
            ਮਲੋਟ (ਜੁਨੇਜਾ) : ਪਿੰਡ ਬੋਦੀਵਾਲਾ ਦੀ ਇਕ ਔਰਤ ਨੂੰ ਦੁਬਈ ਭੇਜ ਕੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਮਾਨ ਵਿਖੇ ਵੇਚਣ ਦੇ ਮਾਮਲੇ ’ਚ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਔਰਤ ਨੂੰ ਕਬਰਵਾਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਬੋਦੀਵਾਲਾ ਦੇ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੇ ਬਿਅਨਾਂ ਵਿਚ ਕਿਹਾ ਕਿ ਆਰਥਿਕ ਤੰਗ ਕਰਕੇ ਉਸਦੀ ਪਤਨੀ ਕੰਮ ਲਈ ਦੁਬਈ ਜਾਣਾ ਚਾਹੁੰਦੀ ਸੀ, ਜਿਸ ਕਰਕੇ ਉਹ ਪੱਟੀ ਸ਼ਹਿਰ ਵਿਖੇ ਏਜੰਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਉਸਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਦੇ ਸੰਪਰਕ ਵਿਚ ਆਏ।
16 ਸਤੰਬਰ 2022 ਨੂੰ ਪਤਨੀ ਨੇ ਅੰਮ੍ਰਿਤਸਰ ਤੋਂ ਦੁਬਈ ਦੀ ਫਲਾਈਟ ਲਈ ਪਰ ਅਗਲੇ ਦਿਨ ਸ਼ਿਕਾਇਤ ਕਰਤਾ ਨੂੰ ਉਸਦੀ ਪਤਨੀ ਦਾ ਫੋਨ ਆਇਆ ਕਿ ਉਸਨੂੰ ਦੁਬਈ ਦੀ ਥਾਂ ਉਮਾਨ ਦੇਸ਼ ਦੇ ਅਸਲ ਪਿੰਡ ਵਿਚ ਵੇਚ ਦਿੱਤਾ ਹੈ ਜਿਥੇ ਉਸ ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਮਾਮਲੇ ’ਤੇ ਕਬਰਵਾਲਾ ਪੁਲਸ ਦੇ ਰੇਸ਼ਮ ਸਿੰਘ ਅਤੇ ਕਮਲਜੀਤ ਕੌਰ ਵਿਰੁੱਧ ਮੁਕਦਮਾਂ ਦਰਜ ਕਰਕੇ ਕਮਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੱਲ ਅਦਾਲਤ ਵਿਚ ਪੇਸ਼ ਕੀਤਾ। ਅੱਜ ਕਮਲਜੀਤ ਕੌਰ ਦਾ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਨੇ ਉਸਨੂੰ 14 ਦਿਨਾਂ ਲਈ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏਜੰਟ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਅਹਿਮ ਹੈ ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            