ਹਰਮੀਤ ਕਾਲਕਾ ਬਾਰੇ ਪਰਮਜੀਤ ਸਰਨਾ ਦਾ ਵੱਡਾ ਬਿਆਨ, ਕਿਹਾ-ਟਿਕਟ ਲਈ...
Wednesday, Nov 27, 2024 - 09:22 PM (IST)
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਭਾਜਪਾ ਦੇ ਸਮਾਗਮਾਂ ਵਿਚ ਸ਼ਮੂਲੀਅਤ ਨੂੰ ਲੈ ਕੇ ਡੀਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਬਿਆਨ ਜਾਰੀ ਕਰਦਿਆਂ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇਸ ਦੌਰਾਨ ਸਰਨਾ ਨੇ ਆਪਣੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਆਦ ਪੁਗਾ ਚੁੱਕੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਜੋ ਆਪਣੇ ਪਰਿਵਾਰ ਨੂੰ ਵਿਧਾਨ ਸਭਾ ਦੀ ਟਿਕਟ ਦਵਾਉਣ ਲਈ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਸ਼ਰੇਆਮ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਹ ਬੇਹੱਦ ਨਿੰਦਣਯੋਗ ਹੈ। ਹਰਮੀਤ ਸਿੰਘ ਕਾਲਕਾ ਦੀ ਆਪਣੀ ਤੇ ਕੋਈ ਇੱਜ਼ਤ ਹੈ ਨਹੀਂ ਪਰ ਘੱਟੋ ਘੱਟ ਉਹ ਜਿਸ ਅਹੁਦੇ 'ਤੇ ਕਾਬਜ਼ ਹੋਇਆ ਬੈਠਾ ਹੈ। ਉਸਦੀ ਮਾਣ ਮਰਿਯਾਦਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ।
ਧਰਮ ਨੂੰ ਪੌੜੀ ਬਣਾ ਕੇ ਹਰਮੀਤ ਸਿੰਘ ਕਾਲਕਾ ਜੋ ਆਪਣੀ ਰਾਜਸੀ ਭੁੱਖ ਨੂੰ ਦੂਰ ਕਰਨ ਲਈ ਸਿਆਸੀ ਅਹੁਦਿਆਂ ਦੇ ਲਾਲਚ ਮਗਰ ਤੁਰਿਆ ਫਿਰ ਰਿਹਾ ਹੈ। ਇਹ ਨੈਤਿਕ ਗਿਰਾਵਟ ਦੀ ਨਿਸ਼ਾਨੀ ਹੈ। ਜਿੰਨੇ ਯਤਨ ਕਾਲਕਾ ਆਪਣੇ ਰਾਜਸੀ ਲਾਲਚਾਂ ਦੀ ਪੂਰਤੀ ਦੇ ਲਈ ਕਰ ਰਿਹਾ ਹੈ ਜੇਕਰ ਇਸਤੋਂ ਅੱਧੇ ਯਤਨ ਵੀ ਦਿੱਲੀ ਕਮੇਟੀ ਦੇ ਸਕੂਲਾਂ ਕਾਲਜਾਂ ਲਈ ਕੀਤੇ ਹੁੰਦੇ ਤਾਂ ਅੱਜ ਉਹਨਾਂ ਸਕੂਲਾਂ ਕਾਲਜਾਂ ਦੀ ਹਾਲਤ ਹੋਰ ਹੁੰਦੀ। ਜਿਨ੍ਹਾਂ ਦਾ ਹਰਮੀਤ ਸਿੰਘ ਕਾਲਕਾ ਨੇ ਭੱਠਾ ਬਿਠਾਕੇ ਰੱਖ ਦਿੱਤਾ ਹੈ ਤੇ ਹੁਣ ਵੇਚਣ ਦੀ ਤਿਆਰੀ ਕਰ ਰਿਹਾ ਹੈ।
ਜੇਕਰ ਹਰਮੀਤ ਸਿੰਘ ਕਾਲਕਾ ਨੂੰ ਏਨਾ ਹੀ ਸਿਆਸੀ ਭੁੱਖ ਹੈ ਤੇ ਉਹ ਭੇਖੀ ਨਾ ਬਣੇ ਸਗੋਂ ਧਰਮ ਦਾ ਖੇਤਰ ਛੱਡਦੇ ਹੋਏ ਦਿੱਲੀ ਕਮੇਟੀ ਤੋਂ ਅਸਤੀਫ਼ਾ ਦਿੰਦੇ ਤੇ ਇਸ ਧਰਮ ਵਿਹੂਣੀ ਰਾਜਨੀਤੀ ਵਿੱਚ ਸਿੱਧਾ ਹੀ ਸ਼ਾਮਲ ਹੋ ਜਾਵੇ ਤੇ ਆਪਣੀ ਸਿਆਸੀ ਭੁੱਖ ਪੂਰੀ ਕਰ ਲਵੇ। ਇਸ ਲਈ ਕਾਲਕਾ ਨੂੰ ਚਾਹੀਦਾ ਹੈ ਕਿ ਉਹ ਧਰਮ ਨੂੰ ਪੌੜੀ ਨਾ ਬਣਾਉਂਦੇ ਹੋਏ ਇੱਕ ਪਾਸੇ ਹੋ ਜਾਵੇ ਤੇ ਜਿਹੜੀ ਧਿਰ ਤੋਂ ਅੱਜ ਤੱਕ ਇੱਕ ਵੀ ਸਿੱਖਾਂ ਦੀ ਮੰਗ ਪੂਰੀ ਨਹੀਂ ਹੋਈ ਉਸ 'ਚ ਸ਼ਾਮਲ ਹੋ ਕੇ ਆਪਣੀ ਭੁੱਖ ਪੂਰੀ ਕਰ ਲਵੇ।