ਸ਼੍ਰੀਨਗਰ ''ਚ DSC ਜਵਾਨ ਦੀ ਮੌਤ, ਭਲਕੇ ਹੋਵੇਗਾ ਅੰਤਿਮ ਸੰਸਕਾਰ

Tuesday, May 06, 2025 - 08:55 PM (IST)

ਸ਼੍ਰੀਨਗਰ ''ਚ DSC ਜਵਾਨ ਦੀ ਮੌਤ, ਭਲਕੇ ਹੋਵੇਗਾ ਅੰਤਿਮ ਸੰਸਕਾਰ

ਹਲਵਾਰਾ (ਲਾਡੀ) - ਭਾਰਤੀ ਫੌਜ ਦੀ ਇੱਕ ਯੂਨਿਟ, ਡਿਫੈਂਸ ਸਕਿਉਰਿਟੀ ਕੋਰ (ਡੀ.ਐਸ.ਸੀ.) ਦੇ ਜਵਾਨ ਹਰਵਿੰਦਰ ਸਿੰਘ (51) ਪੁੱਤਰ ਮੇਜਰ ਸਿੰਘ ਦੀ ਸ਼੍ਰੀਨਗਰ ਦੇ ਆਰਮੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੂਲ ਰੂਪ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਐਤੀਆਣਾ ਦੇ ਵਸਨੀਕ ਸੇਵਾਮੁਕਤ ਸੂਬੇਦਾਰ ਹਰਵਿੰਦਰ ਸਿੰਘ, ਜੋ ਕਿ ਸੇਵਾਮੁਕਤੀ ਤੋਂ ਬਾਅਦ ਦੇਸ਼ ਦੀ ਰੱਖਿਆ ਲਈ ਡਿਫੈਂਸ ਸਕਿਉਰਿਟੀ ਕੋਰ (ਡੀ.ਐਸ.ਸੀ.) ਵਿੱਚ ਦੁਬਾਰਾ ਭਰਤੀ ਹੋਏ ਸਨ। 

ਡੀ.ਐਸ.ਸੀ. ਸਿਪਾਹੀ ਦੇਸ਼ ਦੇ ਸਾਰੇ ਫੌਜ ਸਥਾਨਾਂ ਅਤੇ ਰੱਖਿਆ ਨਾਲ ਸਬੰਧਤ ਸੰਸਥਾਵਾਂ ਦੀ ਸੁਰੱਖਿਆ ਲਈ ਤਾਇਨਾਤ ਹਨ। ਹਰਵਿੰਦਰ ਸਿੰਘ 29 ਅਪ੍ਰੈਲ ਨੂੰ ਸ੍ਰੀਨਗਰ ਵਿੱਚ ਡਿਊਟੀ ਦੌਰਾਨ ਬਿਜਲੀ ਦਾ ਝਟਕਾ ਲੱਗਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਮੰਗਲਵਾਰ ਸਵੇਰੇ ਆਖਰੀ ਸਾਹ ਲਿਆ। 

ਐਤੀਆਣਾ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਹਰਵਿੰਦਰ ਸਿੰਘ ਪਿਛਲੇ ਇੱਕ ਹਫ਼ਤੇ ਤੋਂ ਆਪਣੀ ਜ਼ਿੰਦਗੀ ਲਈ ਲੜਾਈ ਲੜ ਰਿਹਾ ਸੀ ਅਤੇ ਫੌਜ ਦੇ ਡਾਕਟਰਾਂ ਨੇ ਉਸਦੀ ਜਾਨ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ। ਹਰਵਿੰਦਰ ਸਿੰਘ ਦਾ ਪਰਿਵਾਰ ਵੀ ਸ੍ਰੀਨਗਰ ਪਹੁੰਚ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਪਿੰਡ ਪਹੁੰਚ ਰਹੀ ਹੈ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਬਹੁਤ ਹੀ ਮਿੱਠੇ ਸੁਭਾਅ ਵਾਲਾ ਅਤੇ ਮਿਲਣਸਾਰ ਵਿਅਕਤੀ ਸੀ। ਉਸਦੀ ਮੌਤ ਨਾਲ ਪਿੰਡ ਵਿੱਚ ਸੋਗ ਫੈਲ ਗਿਆ ਹੈ ਅਤੇ ਹਰ ਅੱਖ ਨਮ ਹੈ। ਹਰਵਿੰਦਰ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਪਿਤਾ ਮੇਜਰ ਸਿੰਘ, ਪਤਨੀ ਬਲਜਿੰਦਰ ਕੌਰ ਅਤੇ ਦੋ ਜਵਾਨ ਧੀਆਂ ਛੱਡ ਗਏ ਹਨ।
 


author

Inder Prajapati

Content Editor

Related News