ਗੁਰਦੁਆਰਾ ਕਮੇਟੀ ਦਫ਼ਤਰ ''ਤੇ ਸ਼ਰਾਬੀ ਵਿਅਕਤੀ ਦਾ ਹਮਲਾ, ਭੰਨ-ਤੋੜ ਨਾਲ ਮਚਿਆ ਹੜਕੰਪ

Sunday, Nov 02, 2025 - 05:18 PM (IST)

ਗੁਰਦੁਆਰਾ ਕਮੇਟੀ ਦਫ਼ਤਰ ''ਤੇ ਸ਼ਰਾਬੀ ਵਿਅਕਤੀ ਦਾ ਹਮਲਾ, ਭੰਨ-ਤੋੜ ਨਾਲ ਮਚਿਆ ਹੜਕੰਪ

ਖਰੜ (ਅਮਰਦੀਪ ਸਿੰਘ ਸੈਣੀ) : ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਰਣਜੀਤ ਕਾਲੋਨੀ ਦੇ ਕਮੇਟੀ ਦਫ਼ਤਰ 'ਚ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਸ਼ਰਾਬ ਦੇ ਨਸ਼ੇ 'ਚ ਚੂਰ ਵਿਅਕਤੀ ਨੇ ਦਫ਼ਤਰ ਅੰਦਰ ਦਾਖ਼ਲ ਹੋ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਦਫ਼ਤਰ ਦੇ ਕੱਚ ਦੇ ਸਮਾਨ ਨੂੰ ਨੁਕਸਾਨ ਪਹੁੰਚਾਇਆ ਅਤੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਜਾਗੀਰ ਸਿੰਘ ਅਤੇ ਮੈਂਬਰ ਭਾਈ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇੱਕ ਸ਼ੀਸ਼ੇ ਵਾਲਾ ਕੈਬਿਨ ਬਣਾਇਆ ਗਿਆ ਸੀ, ਜਿਸ 'ਚ ਕਿਸੇ ਦਾਨੀ ਵੱਲੋਂ ਦਾਨ ਕੀਤਾ ਮ੍ਰਿਤਕ ਵਿਅਕਤੀ ਦੀ ਦੇਹ ਰੱਖਣ ਵਾਲਾ ਫਰਿੱਜ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੇ ਘਰ ਦੀ ਕੰਧ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਦਾਰੂ ਦੇ ਨਸ਼ੇ 'ਚ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਦੇ  ਲੋਹੇ ਦੀ ਰਾਡ ਨਾਲ ਦਫ਼ਤਰ ਅਤੇ ਕੈਬਿਨ ਦੀ ਭੰਨਤੋੜ ਕੀਤੀ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ।  ਉਸ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਆ ਕੇ ਲਲਕਾਰੇ ਵੀ ਮਾਰੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੀ 18 ਮੈਂਬਰੀ ਕਮੇਟੀ ਨੇ ਥਾਣਾ ਸਿਟੀ ਵਿੱਚ ਦਰਖ਼ਾਸਤ ਦੇ ਕੇ ਉਕਤ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਗੁਰਦੁਆਰਾ ਤਾਲਮੇਲ ਕਮੇਟੀ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਹਰਦੀਪ ਸਿੰਘ ਖਰੜ, ਗੁਰਦੁਆਰਾ ਸੰਨੀ ਇੰਨਕਲੇਵ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਬੱਬੂ, ਅਮਰੀਕ ਸਿੰਘ ਹੈਪੀ ਵੱਲੋਂ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖ਼ੇਧੀ ਕਰਦਿਆਂ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।


author

Babita

Content Editor

Related News