ਸ਼ਰਾਬੀ ਪਿਓ ਨੇ ਅੱਗ 'ਚ ਸੁੱਟਿਆ 9 ਸਾਲਾਂ ਪੁੱਤ
Tuesday, Jan 07, 2020 - 04:14 PM (IST)

ਮੋਗਾ (ਗੋਪੀ ਰਾਊਕੇ,ਸੰਜੀਵ): ਸ਼ਰਾਬੀ ਵਿਅਕਤੀ ਵਲੋਂ ਅੱਜ ਸਵੇਰੇ ਆਪਣੇ 9 ਸਾਲ ਦੇ ਪੁੱਤਰ ਨੂੰ ਮੱਚਦੀ ਅੱਗ 'ਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੌਕੇ ਉਸ ਨੂੰ ਉਸ ਦੀ ਭੈਣ ਨੇ ਉਸ ਨੂੰ ਬਚਾ ਲਿਆ। ਅੱਗ ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ 'ਚ ਦਾਖ਼ਲ ਕਰਵਾਇਆ ਗਿਆ।
ਸਰਕਾਰੀ ਹਸਪਤਾਲ 'ਚ ਦਾਖਲ 9 ਸਾਲਾ ਲੜਕੇ ਕੁਨਾਲ ਦੀ ਮਾਂ ਨੇ ਆਪਣੇ ਪਤੀ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਉਸ ਦਾ ਪਤੀ ਡਰਾਇਵਰੀ ਕਰਦਾ ਹੈ ਤੇ ਜਿੰਨੇ ਵੀ ਪੈਸੇ ਕਮਾਉਂਦਾ ਹੈ, ਘਰ ਦੇਣ ਦੀ ਬਜਾਏ ਉਸ ਦੀ ਸ਼ਰਾਬ ਪੀ ਲੈਂਦਾ ਹੈ। ਜਦੋਂ ਉਹ ਪਤੀ ਨੂੰ ਰੋਕਦੀ ਹੈ ਤਾਂ ਉਹ ਬੱਚਿਆਂ ਦੀ ਕੁੱਟਮਾਰ ਕਰਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਕਿਸੇ ਦੇ ਘਰ ਦਾ ਕੰਮ ਕਰਨ ਗਈ ਹੋਈ ਸੀ ਅਤੇ ਉਸ ਦੇ ਪਿੱਛੋਂ ਬੱਚੇ ਅੱਗ ਸੇਕ ਰਹੇ ਸੀ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਕਿਸੇ ਗੱਲ ਤੋਂ ਗੁੱਸੇ 'ਚ ਆ ਕੇ ਪੁੱਤਰ ਕੁਨਾਲ ਨੂੰ ਮੱਚਦੀ ਅੱਗ 'ਚ ਸੁੱਟ ਦਿੱਤਾ। ਘਰ ਵਿਚ ਮੌਜੂਦ ਉਸ ਦੀ ਕੁੜੀ ਨੇ ਕੁਨਾਲ ਨੂੰ ਅੱਗ 'ਚੋਂ ਬਚਾਇਆ ਪਰ ਉਹ ਮਾਮੂਲੀ ਝੁਲਸ ਗਿਆ। ਲੜਕੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਖਿਲਾਫ ਕਾਰਵਾਈ ਕਰਾਉਣ ਲਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਕੇ।