ਨਸ਼ੇ ’ਚ ਟੱਲੀ ਡਰਾਈਵਰ ਨੇ ਅੱਧਾ ਦਰਜਨ ਗੱਡੀਆਂ ਨੂੰ ਮਾਰੀ ਟੱਕਰ, ਸ਼ੀਸ਼ੇ, ਬੰਪਰ ਤੇ ਹੋਰ ਕਈ ਹਿੱਸੇ ਭੰਨੇ

Saturday, Dec 07, 2024 - 05:25 AM (IST)

ਨਸ਼ੇ ’ਚ ਟੱਲੀ ਡਰਾਈਵਰ ਨੇ ਅੱਧਾ ਦਰਜਨ ਗੱਡੀਆਂ ਨੂੰ ਮਾਰੀ ਟੱਕਰ, ਸ਼ੀਸ਼ੇ, ਬੰਪਰ ਤੇ ਹੋਰ ਕਈ ਹਿੱਸੇ ਭੰਨੇ

ਲੁਧਿਆਣਾ (ਖੁਰਾਣਾ) : ਮਹਾਨਗਰ ਦੇ ਭੀੜ-ਭਾੜ ਵਾਲੇ ਇਲਾਕੇ ਗਿੱਲ ਚੌਕ ਕੋਲ ਤੇਜ਼ ਰਫਤਾਰ ਆਟੋ ਰਿਕਸ਼ਾ ਦੌੜਾ ਰਹੇ ਸਟਾਰ ਭਾਰਤ ਗੈਸ ਏਜੰਸੀ ਦੇ ਕਥਿਤ ਨਸ਼ੇ ’ਚ ਟੱਲੀ ਡਰਾਈਵਰ ਨੇ ਇਕ ਤੋਂ ਬਾਅਦ ਇਕ 7 ਗੱਡੀਆਂ ਨੂੰ ਬੁਰੀ ਤਰ੍ਹਾਂ ਠੋਕ ਦਿੱਤਾ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਨਸ਼ੇ ’ਚ ਬੇਸੁੱਧ ਹੋਏ ਆਟੋ ਰਿਕਸ਼ਾ ਡਰਾਈਵਰ ਨੇ ਕਿਸੇ ਦੋਪਹੀਆ ਵਾਹਨ ਚਾਲਕ ਨੂੰ ਟੱਕਰ ਨਹੀਂ ਮਾਰੀ, ਨਹੀਂ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਸਨ।

ਜਾਣਕਾਰੀ ਮੁਤਾਬਕ ਗੈਸ ਏਜੰਸੀ ਦੇ ਆਟੋ ਰਿਕਸ਼ਾ ਡਰਾਈਵਰ ਨੇ ਗਿੱਲ ਰੋਡ ਚੌਕ ਤੋਂ ਲੈ ਕੇ ਸਥਾਨਕ ਬੱਸ ਅੱਡੇ ਦੇ ਪੁਲ ਤੱਕ ਕਈ ਗੱਡੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਕੇ ਗੱਡੀਆਂ ਦਾ ਨੁਕਸਾਨ ਕੀਤਾ, ਜਿਸ ਕਾਰਨ ਗੱਡੀਆਂ ਦੇ ਸ਼ੀਸ਼ੇ, ਬੰਪਰ ਅਤੇ ਹੋਰ ਕਈ ਹਿੱਸੇ ਟੁੱਟ ਗਏ। ਇਸ ਦੌਰਾਨ ਗੁੱਸੇ ’ਚ ਭੜਕੇ ਲੋਕਾਂ ਨੇ ਕਿਸੇ ਤਰ੍ਹਾਂ ਕਥਿਤ ਤੌਰ ’ਤੇ ਨਸ਼ੇ ’ਚ ਟੁੰਨ ਆਟੋ ਰਿਕਸ਼ਾ ਦੇ ਡਰਾਈਵਰ ਨੂੰ ਕਾਬੂ ਕੀਤਾ। ਮੌਕੇ ’ਤੇ ਤਾਇਨਾਤ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਸ਼ਾਂਤ ਕਰ ਕੇ ਆਟੋ ਚਾਲਕ ਡਰਾਈਵਰ ਨੂੰ ਸੰਭਾਲਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ : ਕਿਸੇ ਦੂਜੇ ਯਾਤਰੀ ਦੀ ਟਿਕਟ 'ਤੇ ਬਦਲੋ ਤਾਰੀਖ਼-ਸਮਾਂ ਅਤੇ ਫਿਰ ਕਰੋ ਯਾਤਰਾ, ਬਸ ਇਹ ਨਿਯਮ ਕਰੋ ਫਾਲੋ

ਹਾਲਾਂਕਿ ਇਸ ਦੌਰਾਨ ਬੇਸੁੱਧ ਹੋਏ ਗੈਸ ਏਜੰਸੀ ਦੇ ਡਰਾਈਵਰ ਨੇ ਦੋਸ਼ ਲਾਏ ਕਿ ਆਟੋ ਰਿਕਸ਼ਾ ’ਚ ਪਏ ਉਸ ਦੇ ਨਕਦੀ ਨਾਲ ਭਰੇ ਪਰਸ ਨੂੰ ਭੀੜ ’ਚ ਸ਼ਾਮਲ ਕਿਸੇ ਸ਼ੱਕੀ ਵਿਅਕਤੀ ਨੇ ਚੋਰੀ ਕਰ ਲਿਆ, ਜਦੋਂਕਿ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਨਕਦੀ ਨਾਲ ਭਰਿਆ ਉਕਤ ਪਰਸ ਟ੍ਰੈਫਿਕ ਪੁਲਸ ਨੂੰ ਸੌਂਪਿਆ ਗਿਆ ਹੈ। ਮਾਮਲਾ ਲਗਾਤਾਰ ਗਰਮਾਉਂਦਾ ਦੇਖ ਕੇ ਟ੍ਰੈਫਿਕ ਪੁਲਸ ਵੱਲੋਂ ਮਾਮਲੇ ਦੀ ਜਾਣਕਾਰੀ ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਬੱਸ ਅੱਡਾ ਚੌਕੀ ਦੀ ਪੁਲਸ ਮਾਮਲੇ ਦੀ ਜਾਂਚ ਤੇ ਕਾਰਵਾਈ ਕਰਨ ’ਚ ਜੁਟੀ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News