ਪੈਟਰੋਲ ਪੰਪ ਦੇ ਹਿਸਾਬ ਕਿਤਾਬ ਵਿਚ ਹਿੱਸੇਦਾਰ ਨੇ ਮਾਰ ਲਈ 34 ਲੱਖ ਦੀ ਠੱਗੀ, ਪਰਚਾ ਦਰਜ

Saturday, Apr 04, 2026 - 05:52 PM (IST)

ਪੈਟਰੋਲ ਪੰਪ ਦੇ ਹਿਸਾਬ ਕਿਤਾਬ ਵਿਚ ਹਿੱਸੇਦਾਰ ਨੇ ਮਾਰ ਲਈ 34 ਲੱਖ ਦੀ ਠੱਗੀ, ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਪੈਟਰੋਲ ਪੰਪ ਦਾ ਹਿਸਾਬ ਕਿਤਾਬ ਦੇਖਣ ਵਾਲੇ ਹਿੱਸੇਦਾਰ ਨੇ 34 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਸਬੰਧੀ ਦੂਜੇ ਹਿੱਸੇਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਪੁਲਸ ਕੋਲ ਸ਼ਿਕਾਇਤ ਦੇ ਕੇ ਦੋਸ਼ੀ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ ਹੈ। ਲਲਿਤ ਮੋਹਣ ਬੇਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਘੱਲਖੁਰਦ ਸਰਵਿਸ ਸਟੇਸ਼ਨ ਨਾਮਕ ਪੈਟਰੋਲ ਪੰਪ ਦਾ ਹਿੱਸੇਦਾਰ ਹੈ ਅਤੇ ਦੂਜਾ ਹਿੱਸੇਦਾਰ ਜਸਪ੍ਰੀਤ ਸਿੰਘ ਜੱਸੀ ਪਿੰਡ ਭੰਗਾਲੀ ਪਿਛਲੇ ਕਰੀਬ 8 ਸਾਲ ਤੋਂ ਉਥੋਂ ਦਾ ਸਾਰਾ ਹਿਸਾਬ ਕਿਤਾਬ ਦੇਖਦਾ ਆ ਰਿਹਾ ਸੀ। ਉਸ ਨੇ ਦੋਸ਼ ਲਗਾਏ ਕਿ ਪਿਛਲੇ ਸਾਲ ਵਹੀ ਖਾਤਿਆਂ ਦੀ ਬਾਰੀਕੀ ਨਾਲ ਜਾਂਚ ਵਿਚ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਜੱਸੀ ਨੇ ਹਿਸਾਬ ਕਿਤਾਬ ਵਿਚ ਹੇਰਾਫੇਰੀ ਕਰਕੇ ਉਸ ਦੇ ਨਾਲ 34 ਲੱਖ 71 ਹਜ਼ਾਰ 514 ਰੁਪਏ ਦੀ ਠੱਗੀ ਮਾਰੀ ਹੈ। 

ਇਸ ਸ਼ਿਕਾਇਤ ਦੀ ਜਾਂਚ ਜ਼ਿਲ੍ਹਾ ਪੁਲਸ ਅਧਿਕਾਰੀਆਂ ਵੱਲੋਂ ਕੀਤੇ ਜਾਣ ਤੇ ਦੋਸ਼ ਸਹੀ ਪਾਏ ਗਏ, ਜਿਸ ਦੇ ਆਧਾਰ 'ਤੇ ਥਾਣਾ ਘੱਲਖੁਰਦ ਵਿਚ ਦੋਸ਼ੀ ਜਸਪ੍ਰੀਤ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 


author

Gurminder Singh

Content Editor

Related News