ਪਿੱਜ਼ਾ ਹੱਟ ਨੂੰ ਲੱਗੀ ਅੱਗ, ਕਰਮਚਾਰੀਆਂ ਨੇ ਭੱਜ ਕੇ ਬਚਾਈ ਜਾਨ

Saturday, Apr 11, 2026 - 08:55 PM (IST)

ਪਿੱਜ਼ਾ ਹੱਟ ਨੂੰ ਲੱਗੀ ਅੱਗ, ਕਰਮਚਾਰੀਆਂ ਨੇ ਭੱਜ ਕੇ ਬਚਾਈ ਜਾਨ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਵਿੱਚ 'ਕਿਸਾਨ ਪਿੱਜ਼ਾ ਹੱਟ' ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਿਸ ਵੇਲੇ ਅੱਗ ਲੱਗੀ, ਉਸ ਸਮੇਂ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅੰਦਰ ਸੁੱਤੇ ਹੋਏ ਸਨ। ਅੱਗ ਲੱਗਦੇ ਹੀ ਕਰਮਚਾਰੀਆਂ ਨੇ ਰੌਲਾ ਪਾਇਆ ਅਤੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਰਮਚਾਰੀਆਂ ਨੇ ਪਿੱਜ਼ਾ ਹੱਟ ਦੇ ਮਾਲਕ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮਾਲਕ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪਿੱਜ਼ਾ ਹੱਟ ਦਾ ਨਿਰਮਾਣ ਕਰਜ਼ਾ ਲੈ ਕੇ ਕੀਤਾ ਗਿਆ ਸੀ। 

ਜਾਣਕਾਰੀ ਦਿੰਦਿਆਂ ਸੰਚਾਲਕ ਕਰਨ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ (ਕਰਮਚਾਰੀ) ਉੱਥੇ ਸੁੱਤੇ ਹੋਏ ਸਨ। ਇੱਕ ਲੜਕਾ ਉੱਠਿਆ ਤਾਂ ਉਸਨੇ ਦੇਖਿਆ ਕਿ ਪਿੱਛੇ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਸਨੇ ਆਪਣੇ ਦੂਜੇ ਸਾਥੀ ਨੂੰ ਦੱਸਿਆ। ਅੱਗ ਇੰਨੀ ਭਿਆਨਕ ਸੀ ਕਿ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਲਾਟਾਂ ਜ਼ਿਆਦਾ ਹੋਣ ਕਾਰਨ ਅੱਗ ਬੇਕਾਬੂ ਹੋ ਗਈ ਅਤੇ ਇੱਕ-ਇੱਕ ਕਰਕੇ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈਂਦੀ ਗਈ।

ਫਾਇਰ ਬ੍ਰਿਗੇਡ ਦੀ ਟੀਮ ਨੇ ਪਾਇਆ ਕਾਬੂ
ਸਥਿਤੀ ਬੇਕਾਬੂ ਹੁੰਦੀ ਦੇਖ ਜਿੱਥੇ ਉਨ੍ਹਾਂ ਨੇ ਮਾਲਕ ਨੂੰ ਸੂਚਿਤ ਕੀਤਾ, ਉੱਥੇ ਹੀ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਕਰਨ ਨੇ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਕਿਸਾਨ ਪਿੱਜ਼ਾ ਹੱਟ ਬਣਵਾਇਆ ਸੀ, ਪਰ ਇਸ ਘਟਨਾ ਦੌਰਾਨ ਫਰਨੀਚਰ, ਏ.ਸੀ. ਅਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ। ਇਸ ਘਟਨਾ ਨਾਲ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਹਨ, ਪਰ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।


author

Baljit Singh

Content Editor

Related News