ਪੰਜਾਬ ''ਚੋਂ ਮਿਲੇ ''ਡਰੋਨਾਂ'' ਬਾਰੇ ਹੈਰਾਨ ਕਰਦਾ ਖੁਲਾਸਾ, ਤਸਕਰ ਨੇ ਖੋਲ੍ਹਿਆ ਰਾਜ਼
Monday, Jan 13, 2020 - 03:18 PM (IST)
ਚੰਡੀਗੜ੍ਹ : ਪਿਛਲੇ ਦਿਨੀਂ ਪੰਜਾਬ 'ਚੋਂ ਬਰਾਮਦ ਹੋਏ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਿਆਂ ਦੀ ਤਸਕਰੀ ਤੇਜ਼ ਹੋ ਗਈ ਹੈ। ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਡਰੱਗ ਤਸਕਰਾਂ ਧਰਮਿੰਦਰ ਸਿੰਘ ਅਤੇ ਬਲਕਾਰ ਸਿੰਘ ਸਮੇਤ ਫੌਜ 'ਚ ਬਤੌਰ ਨਾਇਕ ਤਾਇਨਾਤ ਰਾਹੁਲ ਚੌਹਾਨ ਨੇ ਡਰੋਨ ਬਾਰੇ ਹੈਰਾਨ ਕਰਦਾ ਖੁਲਾਸਾ ਕੀਤਾ ਹੈ। ਰਾਹੁਲ ਨੇ ਦੱਸਿਆ ਕਿ ਉਸ ਨੇ ਓ. ਐੱਲ. ਐਕਸ. 'ਤੇ ਡਰੋਨ ਖਰੀਦਿਆ ਅਤੇ ਵੇਚਿਆ ਸੀ। ਰਾਹੁਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸਾਲ 2019 'ਚ ਓ. ਐੱਲ. ਐਕਸ. ਤੋਂ ਡਰੋਨ ਦੇ ਮਾਡਲ ਨੂੰ 1.50 ਲੱਖ ਰੁਪਏ 'ਚ ਖਰੀਦਿਆ ਸੀ। ਇਸ ਤੋਂ ਬਾਅਦ ਉਸ ਨੇ ਡਰੋਨ ਦੀ ਮੁਰੰਮਤ ਕੀਤੀ ਅਤੇ ਫਿਰ ਦੁਬਾਰਾ ਉਸੇ ਵੈੱਬਸਾਈਟ 'ਤੇ 2.75 ਲੱਖ ਰੁਪਏ 'ਚ ਵੇਚ ਦਿੱਤਾ। ਇਸ ਤੋਂ ਬਾਅਦ ਉਸ ਨੇ ਓ. ਐੱਲ. ਐਕਸ. ਤੋਂ ਹੀ 3.20 ਲੱਖ ਰੁਪਏ 'ਚ ਡੀ. ਜੇ. ਆਈ. ਮੈਟਰਿਸ 600 ਡਰੋਨ ਖਰੀਦਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਤਸਕਰ ਨੂੰ 5.35 ਲੱਖ ਰੁਪਏ 'ਚ ਵੇਚ ਦਿੱਤਾ। ਪੁਲਸ ਨੇ ਇਸ ਡਰੋਨ ਨੂੰ ਹਰਿਆਣਾ ਦੇ ਕਰਨਾਲ ਤੋਂ ਬਰਾਮਦ ਕਰ ਲਿਆ ਸੀ।
ਕਈ ਡਰੋਨ ਕੀਤੇ ਗਏ ਬਰਾਮਦ
ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ 2 ਡਰੋਨ ਜ਼ਬਤ ਕੀਤੇ ਗਏ ਹਨ, ਜਦੋਂ ਕਿ ਇਕ ਕਰਨਾਲ ਤੋਂ ਬਰਾਮਦ ਕੀਤਾ ਗਿਆ ਹੈ। ਇਕ ਹੋਰ ਡਰੋਨ ਕਵਾਡਕਾਪਟਰ ਨੂੰ ਅੰਮ੍ਰਿਤਸਰ ਦੇ ਮੋਧੇ ਪਿੰਡ 'ਚ ਸਰਕਾਰੀ ਡਿਸਪੈਂਸਰੀ ਤੋਂ ਬਰਾਮਦ ਕੀਤਾ ਗਿਆ ਹੈ।
ਰਾਹੁਲ ਨੇ ਦਿੱਤੀ ਸੀ 'ਡਰੋਨ' ਦੀ ਟ੍ਰੇਨਿੰਗ
ਪੁਲਸ ਦਾ ਦਾਅਵਾ ਹੈ ਕਿ ਇਸ ਰੈਕਟ 'ਚ ਕਈ ਮੈਂਬਰ ਜੁੜੇ ਹੋਏ ਹਨ। ਰਾਹੁਲ ਚੌਹਾਨ ਨੇ ਡਰੋਨ ਨੂੰ ਗ੍ਰਿਫਤਾਰ ਤਸਕਰਾਂ ਨੂੰ ਵੇਚ ਦਿੱਤਾ ਸੀ ਅਤੇ ਉਨ੍ਹਾਂ ਨੂੰ ਡਰੋਨ ਉਡਾਉਣ ਦੀ ਟ੍ਰੇਨਿੰਗ ਵੀ ਦਿੱਤੀ। ਪੰਜਾਬ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 2 ਵਾਕੀ-ਟਾਕੀ ਸੈੱਟ, 6.22 ਲੱਖ ਰੁਪਏ, ਇੰਸਾਸ ਰਾਈਫਲ ਮੈਗਜ਼ੀਨ ਅਤੇ 2 ਡਰੋਨ ਜ਼ਬਤ ਕੀਤੇ ਹਨ। ਇਹ ਬਰਾਮਦਗੀ ਅੰਮ੍ਰਿਤਸਰ ਦੇ 2 ਹਾਦਸਾਗ੍ਰਸਤ ਡਰੋਨ ਬਰਾਮਦ ਕੀਤੇ ਜਾਣ ਤੋਂ 4 ਮਹੀਨਿਆਂ ਬਾਅਦ ਕੀਤੀ ਗਈ ਹੈ।
ਹਥਿਆਰਾਂ ਅਤੇ ਡਰੱਗ ਦੀ ਤਸਕਰੀ 'ਚ ਡਰੋਨ ਦੇ ਇਸਤੇਮਾਲ ਦਾ ਖੁਲਾਸਾ 25 ਸਤੰਬਰ ਨੂੰ ਹੋਇਆ ਸੀ, ਜਦੋਂ ਪੁਲਸ ਨੇ ਇਕ ਰਾਈਸ ਮਿਲ ਸ਼ੈੱਡ ਤੋਂ ਡਰੋਨ ਦੇ ਸੜੇ ਹੋਏ ਹਿੱਸਿਆਂ ਨੂੰ ਬਰਾਮਦ ਕੀਤਾ ਸੀ। ਡਰੋਨ ਦੀ ਦੁਰਵਰਤੋਂ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਹੁਣ 5 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਗੁਆਂਢੀ ਸੂਬਿਆਂ ਤੋਂ ਮਿਲੇ ਇਨਪੁਟ ਤੋਂ ਇਲਾਵਾ ਸੋਸ਼ਲ ਮੀਡੀਆ ਵੈੱਬਸਾਈਟਾਂ ਨੂੰ ਸਕੈਨ ਕਰੇਗੀ।