ਰਿਸ਼ਤੇਦਾਰ ਨੂੰ ਪਿਲਾਈ ਨਸ਼ੇ ਵਾਲੀ ਦਵਾਈ, ਮੌਤ

Tuesday, Jan 19, 2021 - 10:32 PM (IST)

ਰਿਸ਼ਤੇਦਾਰ ਨੂੰ ਪਿਲਾਈ ਨਸ਼ੇ ਵਾਲੀ ਦਵਾਈ, ਮੌਤ

ਤਰਨਤਾਰਨ, (ਰਮਨ)- ਥਾਣਾ ਸਰਹਾਲੀ ਦੀ ਪੁਲਸ ਨੇ ਰਿਸ਼ਤੇਦਾਰ ਖਿਲਾਫ ਨਸ਼ੇ ਵਾਲਾ ਪਦਾਰਥ ਪਿਲਾਉਣ ਤੋਂ ਬਾਅਦ ਵਿਅਕਤੀ ਦੀ ਲਾਸ਼ ਨੂੰ ਛੁਪਾਉਣ ਸਬੰਧੀ ਭਰਾ ਦੇ ਬਿਆਨਾਂ ਹੇਠ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੁਨੋਵਾਲ ਹਵੇਲੀਆਂ ਬੰਡਾਲਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ, ਜੋ ਗੁਰਪਿੰਦਰ ਸਿੰਘ 15 ਜਨਵਰੀ ਦੀ ਸ਼ਾਮ ਨੂੰ ਰਿਸ਼ਤੇਦਾਰ ਗੁਰਲਵਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਰੱਖ ਸ਼ੇਰੋਂ ਕੋਲ ਗਿਆ ਸੀ, ਜਿਸ ਦੌਰਾਨ ਭਰਾ ਨੇ ਘਰ ਫੋਨ ਕਰ ਕੇ ਦੱਸਿਆ ਕਿ ਉਸ ਨੇ ਸ਼ਰਾਬ ਜ਼ਿਆਦਾ ਪੀ ਲਈ ਹੈ, ਜਿਸ ਕਾਰਣ ਉਹ ਅਗਲੇ ਦਿਨ ਘਰ ਵਾਪਸ ਪਰਤੇਗਾ। ਜਦੋਂ 16 ਜਨਵਰੀ ਦੀ ਦੁਪਹਿਰ ਤੱਕ ਗੁਰਪਿੰਦਰ ਘਰ ਨਾ ਪੁੱਜਾ ਤਾਂ ਉਸ ਦੇ ਫੋਨ ’ਤੇ ਸੰਪਰਕ ਕੀਤਾ ਗਿਆ, ਜੋ ਬੰਦ ਸੀ, ਜਿਸ ਤੋਂ ਬਾਅਦ ਗੁਰਲਵਦੀਪ ਸਿੰਘ ਦੇ ਘਰ ਪੁੱਛਿਆ ਤਾਂ ਉਸ ਨੇ ਕਿਹਾ ਕਿ ਗੁਰਪਿੰਦਰ ਤਾਂ ਸਵੇਰ ਦਾ ਉਨ੍ਹਾਂ ਦੇ ਘਰੋਂ ਜਾ ਚੁੱਕਾ ਹੈ। ਤਿੰਨ ਦਿਨ ਬੀਤ ਜਾਣ ਤੋਂ ਬਾਅਦ ਜਦੋਂ ਸਿਵਲ ਹਸਪਤਾਲ ’ਚ ਮੌਜੂਦ ਇਕ ਲਾਸ਼ ਦੀ ਸ਼ਨਾਖਤ ਕਰਨ ਉਹ ਪੁੱਜਾ ਤਾਂ ਉਹ ਲਾਸ਼ ਗੁਰਪਿੰਦਰ ਸਿੰਘ ਦੀ ਸੀ।

ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਤਜਿੰਦਰ ਸਿੰਘ ਦੇ ਬਿਆਨਾਂ ਹੇਠ ਗੁਰਲਵਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਸ਼ੇਰੋ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News