ਭਾਕਿਯੂ ਏਕਤਾ (ਉਗਰਾਹਾਂ) ਨੇ ਨਸ਼ਿਆਂ ਖਿਲਾਫ ਲਾਇਆ ਧਰਨਾ

Thursday, Aug 02, 2018 - 12:32 AM (IST)

ਭਾਕਿਯੂ ਏਕਤਾ (ਉਗਰਾਹਾਂ) ਨੇ ਨਸ਼ਿਆਂ ਖਿਲਾਫ ਲਾਇਆ ਧਰਨਾ

ਨਾਭਾ, (ਜਗਨਾਰ, ਭੂਪਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਨਾਭਾ ਦੇ ਆਗੂ ਹਰਮੇਲ ਸਿੰਘ ਤੁੰਗਾਂ, ਹਰਭਜਨ ਸਿੰਘ ਗਲਵੱਟੀ, ਜਗਤ ਸਿੰਘ ਗਦਾਈਆ, ਜਸਵੰਤ ਸਿੰਘ ਸਦਰਪੁਰ ਅਤੇ ਗੁਰਦੇਵ ਸਿੰਘ ਗੱਜੂਮਾਜਰਾ ਦੀ ਅਗਵਾਈ ਵਿਚ ਸਥਾਨਕ ਤਹਿਸੀਲ ਕੰਪਲੈਕਸ ਦੇ ਬਾਹਰ ਨਸ਼ਿਆਂ ਦੀ ਮਹਾਮਾਰੀ ਦੇ ਵਿਰੋਧ ’ਚ ਧਰਨਾ ਠੋਕਿਆ ਗਿਆ। ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਜ਼ਿਲਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਡੂਆਂ, ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾਡ਼ ਤੇ ਬਲਾਕ ਭਵਾਨੀਗਡ਼੍ਹ ਦੇ ਪ੍ਰਧਾਨ ਅਜਾਇਬ ਸਿੰਘ ਲੱਖੋਵਾਲ ਆਦਿ ਨੇ ਪਹੁੰਚ ਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਬਠਿੰਡਾ ਸਥਿਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫਡ਼ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ ਨੂੰ 4 ਹਫਤਿਆਂ ਵਿਚ ਨਸ਼ਾ-ਮੁਕਤ ਕਰ ਦੇਣਗੇ। ਡੇਢ ਸਾਲ ਬੀਤ ਜਾਣ ਦੇ ਬਾਵਜੂਦ ਨਸ਼ਾ ਜਿਉਂ ਦਾ ਤਿਉਂ ਹੈ। ਨਸ਼ੇ ਕਾਰਨ ਅਨੇਕਾਂ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅੱਜ ਹਰ ਕਿਰਤੀ ਵਰਗ ਗਰੀਬੀ, ਬੇਰੋਜ਼ਗਾਰੀ, ਬੇਇਨਸਾਫੀ ਤੇ ਕਰਜ਼ੇ ਵਰਗੀਆਂ ਅਲਾਮਤਾਂ ਤੋਂ ਤੰਗ ਆ ਕੇ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ।  ਨੌਜਵਾਨ ਵਰਗ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਿਹਾ ਹੈ। ਨਸ਼ਿਆਂ ਦੀ ਦਲਦਲ ਵਿਚ ਨੌਜਵਾਨਾਂ ਦਾ ਫਸਣਾ ਮੁੱਖ ਕਾਰਨ ਬੇਰੋਜ਼ਗਾਰੀ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਤਾਂ ਨੌਜਵਾਨ ਵਰਗ ਨਸ਼ਿਆਂ ਤੋਂ ਲਾਂਭੇ ਹੋ ਕੇ ਵਧੀਆ ਜ਼ਿੰਦਗੀ ਬਤੀਤ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਵੀ ਕਰ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਨਸ਼ਾ-ਰਹਿਤ ਕਰਨ ਲਈ ਸਖਤ ਕਦਮ ਚੁੱਕੇ। ਜੇਕਰ ਸਰਕਾਰ ਨੇ ਕੋਈ ਅਜਿਹਾ ਉਪਰਾਲਾ ਨਾ ਕੀਤਾ ਤਾਂ ਭਾਕਿਯੂ ਏਕਤਾ (ਉਗਰਾਹਾਂ)  ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਅੱਜ ਦੇ ਧਰਨੇ ’ਚ ਦਲਬਾਰਾ ਸਿੰਘ, ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ, ਕਾਲਾ ਸਿੰਘ ਤੁੰਗਾ, ਧੰਨਾ ਸਿੰਘ, ਬੰਤ ਸਿੰਘ, ਨਾਹਰ ਸਿੰਘ ਤੁੰਗਾ ਤੇ ਅਮਰੀਕ ਸਿੰਘ ਘੱਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਉਪਰੰਤ ਐੱਸ. ਡੀ. ਐੱਮ. ਨਾਭਾ ਨੂੰ ਸੂਬਾ ਸਰਕਾਰ ਦੇ ਨਾਂ ਮੰਗ-ਪੱਤਰ ਦਿੱਤਾ।
 


Related News