ਕਾਂਗਰਸੀ ਆਗੂ ਦੇ ਰਿਸ਼ਤੇਦਾਰ ਦੀ ਡਰੱਗਜ਼ ਦੇ ਧੰਦੇ ਨਾਲ ਬਣੀ ਕਰੋੜਾਂ ਦੀ ਕੋਠੀ ਨੂੰ ਪੁਲਸ ਨੇ ਕੀਤਾ ਅਟੈਚ
Monday, Aug 21, 2017 - 07:40 PM (IST)

ਹੁਸ਼ਿਆਰਪੁਰ— ਕਾਂਗਰਸੀ ਐੱਮ. ਸੀ. ਵਿਕਰਮ ਮਹਿਤਾ ਦੇ ਰਿਸ਼ਤੇਦਾਰ ਵਿਨੋਦ ਕੁਮਾਰ ਲੱਕੀ ਦੀ ਨਾਰਾਇਣ ਨਗਰ 'ਚ ਡਰੱਗਜ਼ ਦੇ ਧੰਦੇ ਨਾਲ ਬਣਾਈ ਗਈ ਕਰੋੜਾਂ ਰੁਪਏ ਦੀ ਕੋਠੀ ਪੁਲਸ ਨੇ ਅਟੈਚ ਕਰ ਲਈ ਹੈ। ਜਾਣਕਾਰੀ ਮੁਤਾਬਕ ਇਸ ਕੋਠੀ 'ਚ ਹੁਣ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਪੰਜਾਬ ਪੁਲਸ ਦੇ ਵੱਡੇ ਅਫਸਰਾਂ ਦੇ ਬੇਹੱਦ ਕਰੀਬੀ ਬ੍ਰਿਜ ਮੋਹਨ ਬੱਤਰਾ ਰਹਿ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਵਿਨੋਦ ਕੁਮਾਰ ਦੀ ਅਰੋੜਾ ਕੰਪਲੈਕਸ 'ਚ ਦੋ ਦੁਕਾਨਾਂ ਨੂੰ ਵੀ ਪੁਲਸ ਵੱਲੋਂ ਅਟੈਚ ਕਰ ਲਿਆ ਗਿਆ ਹੈ। ਜਿਸ ਸਮੇਂ ਲੱਕੀ ਦੀ ਗ੍ਰਿਫਤਾਰੀ ਕੀਤੀ ਗਈ ਸੀ, ਉਸ ਸਮੇਂ ਇਹ ਮਾਮਲਾ ਸ਼ਹਿਰ 'ਚ ਬਹੁਤ ਉਛਲਿਆ ਸੀ ਕਿਉਂਕਿ ਡਰੱਗ ਕਾਂਡ 'ਚ ਕਾਂਗਰਸੀ ਨੇਤਾ ਅਤੇ ਕੌਂਸਲਰ ਵਿਕਰਮ ਮਹਿਤਾ ਦਾ ਨਾਂ ਉਛਲਿਆ ਸੀ। ਮਹਿਤਾ ਦੀਆਂ ਤਿੰਨ-ਚਾਰ ਦਿਨ ਸੀ. ਆਈ. ਏ. ਸਟਾਫ ਹੁਸ਼ਿਆਰਪੁਰ 'ਚ ਉਸ ਸਮੇਂ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਖੁਦ ਪੁੱਛਗਿੱਛ ਕੀਤੀ ਸੀ। ਐੱਸ. ਐੱਸ. ਪੀਜੇ ਈਲੇਨਚੇਜੀਅਨ ਨੇ ਕਿਹਾ ਕਿ ਜੋ ਵੀ ਕਾਰਵਾਈ ਹੋਵੇਗੀ, ਉਹ ਕਾਨੂੰਨ ਮੁਤਾਬਕ ਹੋਵੇਗੀ।
ਇਸ ਸੰਬੰਧ 'ਚ ਜਦੋਂ ਬ੍ਰਿਜ ਮੋਹਨ ਬੱਤਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਹ ਕੋਠੀ ਖਰੀਦੀ ਹੈ। ਐੱਨ. ਡੀ. ਪੀ. ਸੀ. ਐਕਟ ਸੈਕਸ਼ਨ ੬੮ ਮੁਤਾਬਕ ਪੁਲਸ ਨੂੰ ਇੰਪਲੀਮੈਂਟ ਕਰਨ ਵਾਲੀ ਪ੍ਰੌਸੀਕਿਊਸ਼ਨ ਏਜੰਸੀਆਂ ਨੂੰ ਇਸ ਗੱਲ ਦਾ ਅਧਿਕਾਰ ਹੈ ਕਿ ਜਦੋਂ ਪ੍ਰੌਸੀਕਿਊਸ਼ਨ ਏਜੰਸੀਆਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਜਾਵੇ ਕਿ ਦੋਸ਼ੀ ਵੱਲੋਂ ਡਰੱਗਜ਼ ਦੇ ਧੰਦੇ ਨਾਲ ਜਾਇਦਾਦ ਬਣਾਈ ਗਈ ਤਾਂ ਸਰਕਾਰ ਜ਼ਬਤ ਕਰ ਲੈਂਦੀ ਹੈ।
ਜਦੋਂ ਲੱਕੀ ਦੀ ਗ੍ਰਿਫਤਾਰੀ ਹੋਈ ਸੀ ਤਾਂ ਪਤਾ ਲੱਗਾ ਸੀ ਕਿ ਨਾਰਾਇਣ ਨਗਰ ਵਾਲੀ ਉਸ ਦੀ ਕੋਠੀ ਸ਼ਹਿਰ ਦੇ ਕਾਰੋਬਾਰੀ ਬ੍ਰਿਜ ਮੋਹਨ ਬੱਤਰਾ ਨੇ ੭੦ ਲੱਖ 'ਚ ਖਰੀਦ ਲਈ ਹੈ। ਹੁਣ ਇਹ ਗੱਲ ਸਾਹਮਣੇ ਆਈ ਕਿ ਵਿਨੋਦ ਕੁਮਾਰ ਦੀ ਕਰੋੜਾਂ ਦੀ ਉਹ ਕੋਠੀ, ਜਿਸ 'ਚ ਬੱਤਰਾ ਦਾ ਪਰਿਵਾਰ ਰਹਿ ਰਿਹਾ ਹੈ, ਦੇ ਨਾਲ-ਨਾਲ ਲੱਕੀ ਦੀ ਅਰੋੜਾ ਕੰਪਲੈਕਸ 'ਚ ਦੋ ਦੁਕਾਨਾਂ ਅਤੇ ਉਸ ਦੇ ਜੱਦੀ ਘਰ ਨੂੰ ਵੀ ਪੁਲਸ ਵੱਲੋਂ ਅਟੈਚ ਕਰ ਲਿਆ ਗਿਆ ਹੈ। ਜਿਸ ਦੇ ਕਾਰਨ ਆਉਣ ਵਾਲੇ ਦਿਨਾਂ 'ਚ ਬੱਤਰਾ ਪਰਿਵਾਰ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਮਾਮਲੇ 'ਚ ਜਦੋਂ ਰਿੱਕੀ ਮਰਵਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਲੱਕੀ ਦਾ ਨਾਂ ਆਇਆ ਤਾਂ ਪੁਲਸ ਨੇ ਲੱਕੀ ਨੂੰ ਗ੍ਰਿਫਤਾਰ ਕਰ ਲਿਆ। ਉਸ ਸਮੇਂ ਪੁਲਸ ਦੀ ਕਾਰਵਾਈ 'ਤੇ ਵੱਡੇ ਸਵਾਲ ਉੱਠੇ ਸਨ। ਚਰਚਾ ਸੀ ਕਿ ਲੱਕੀ ਦੇ ਕੋਲੋਂ ਕਿਸੇ ਪੁਲਸ ਅਫਸਰ ਨੇ ੩੫ ਲੱਖ ਮੰਗੇ ਸਨ। ਲੱਕੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਸ਼ਹਿਰ ਦੇ ਘੰਟਾਘਰ ਦੇ ਕੋਲ ਅਰੋੜਾ ਕੰਪਲੈਕਸ 'ਚ ਮਨੀ ਐਕਸਚੈਂਜ ਦਾ ਕੰਮ ਕਰ ਰਹੇ ਰਿੱਕੀ ਮਰਵਾਹਾ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਬਾਅਦ 'ਚ ਸ਼ੱਕੀ ਹਾਲਾਤ 'ਚ ਉਸ ਨੂੰ ਕਲੀਨ ਚਿੱਟ ਦਿਵਾਈ ਗਈ, ਜਿਸ ਤੋਂ ਬਾਅਦ ਮਰਵਾਹਾ ਦੇ ਮਨੀ ਐਕਸਚੈਂਜ 'ਚ ਹਿੱਸੇਦਾਰ ਲੱਕੀ 'ਤੇ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਅਤੇ ਪੁਲਸ ਨੇ ਵਿਨੋਦ ਲੱਕੀ ਨੂੰ ਨਸਰਾਲਾ ਦੇ ਕੋਲੋਂ ੨੫ ਲੱਖ ਨਕਦੀ ਅਤੇ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਨਾਰਾਇਣ ਨਗਰ ਦੇ ਕੋਲ ਲੱਕੀ ਨੇ ਇਕ ਆਲੀਸ਼ਾਨ ਕੋਠੀ ਬਣਾਈ ਹੈ, ਜਿਸ ਨੂੰ ਤਿਆਰ ਕਰਵਾਉਣ 'ਚ ਐੱਮ. ਸੀ. ਵਿਕਰਮ ਮਹਿਤਾ ਦਾ ਅਹਿਮ ਯੋਗਦਾਨ ਸੀ। ਇਸ ਦੇ ਚਲਦਿਆਂ ਵਿਕਰਮ ਮਹਿਤਾ ਦਾ ਨਾਂ ਇਸ ਕਾਂਡ 'ਚ ਜੁੜਨ ਲੱਗਾ। ਵਿਨੋਦ ਕੁਮਾਰ ਲੱਕੀ ਨੇ ਪੁਲਸ ਨੂੰ ਬਿਆਨ ਦੇ ਦਿੱਤੇ ਕਿ ਵਿਕਰਮ ਮਹਿਤਾ ਨੂੰ ਇਸ ਸਾਰੇ ਕਾਰੋਬਾਰ ਦੀ ਜਾਣਕਾਰੀ ਸੀ ਕਿ ਪੈਸਿਆਂ ਦਾ ਲੈਣਦੇਣ ਵੀ ਮਹਿਤਾ ਦੇ ਨਾਲ ਸੀ। ਸਿੱਧੇ ਤੌਰ 'ਤੇ ਉਨ੍ਹਾਂ ਦੇ ਬਾਅਦ ਮਹਿਤਾ ਨੂੰ ਪੁਲਸ ਨੇ ਕਈ ਵਾਰ ਸੀ. ਆਈ. ਏ. ਸਟਾਫ ਬੁਲਾਇਆ ਅਤੇ ਪੁੱਛਗਿੱਛ ਕੀਤੀ ਸੀ। ਬਾਅਦ 'ਚ ਪੁਲਸ ਨੇ ਮਹਿਤਾ ਨੂੰ ਛੱਡ ਤਾਂ ਦਿੱਤਾ ਪਰ ਪੁਲਸ ਸੂਤਰਾਂ ਮੁਤਾਬਕ ਅਜੇ ਤੱਕ ਮਹਿਤਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ।