ਇਤਿਹਾਸਕ ਨਗਰੀ ’ਚ ਚਿੱਟੇ ਦੇ ਨਸ਼ੇ ਨੇ ਪੈਰ ਪਸਾਰੇ
Wednesday, Jul 04, 2018 - 03:10 AM (IST)

ਨਸ਼ੇ ਨਾਲ ਇਕ ਮਹੀਨੇ ਦੌਰਾਨ 2 ਨੌਜਵਾਨਾਂ ਦੀ ਮੌਤ
ਤਲਵੰਡੀ ਸਾਬੋ(ਮੁਨੀਸ਼)- ਇਤਿਹਾਸਕ ਨਗਰੀ ਤਲਵੰਡੀ ਸਾਬੋ ’ਚ ਚਿੱਟੇ ਦਾ ਨਸ਼ਾ ਲਗਤਾਰ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਕਰ ਕੇ ਇਕ ਮਹੀਨੇ ’ਚ ਦੋ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ, ਇਲਾਕੇ ਵਿਚ ਸੁੰਨੀਆਂ ਜਗ੍ਹਾ ਅਤੇ ਪਾਰਕ ਨਸ਼ੇੜੀਆਂ ਦੇ ਅੱਡੇ ਬਣਦੇ ਜਾ ਰਹੇ ਹਨ ਜਿਥੇ ਵੱਡੀ ਮਾਤਰਾ ਵਿਚ ਸਰਿੰਜਾਂ ਵੇਖਣ ਨੂੰ ਮਿਲਦੀਆਂ ਹਨ। ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਇਕ ਮਹੀਨੇ ’ਚ ਚਿੱਟੇ ਦੇ ਨਸ਼ੇ ਨੇ ਦੋ ਨੌਜਵਾਨਾਂ ਨੂੰ ਨਿਗਲ ਲਿਆ ਹੈ। ਰਾਮਾਂ ਮੰਡੀ ਦੇ ਕਾਂਗਰਸੀ ਕੌਂਸਲਰ ਪੁਨੀਸ਼ ਮਹੇਸ਼ਵਰੀ ਦੇ ਭਰਾ ਕਮਲ ਮਹੇਸ਼ਵਰੀ ਨੂੰ ਤਲਵੰਡੀ ਸਾਬੋ ਵਿਖੇ ਕੁਝ ਨੌਜਵਾਨਾਂ ਵੱਲੋਂ ਓਵਰਡੋਜ਼ ਨਸ਼ਾ ਦੇ ਦਿੱਤਾ ਸੀ ਭਾਵੇਂ ਕਿ ਓਵਰਡੋਜ਼ ਦੇਣ ਵਾਲੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਪਰ ਨਸ਼ੇ ਦਾ ਕਾਰੋਬਾਰ ਇਲਾਕੇ ਵਿਚ ਜਾਰੀ ਰਹਿਣ ਕਰ ਕੇ ਹੁਣ ਦੂਜੇ ਨੌਜਵਾਨ ਲਵਪ੍ਰੀਤ ਖਾਨ ਬੱਬੂ ਦੀ ਮੌਤ ਦਾ ਕਾਰਨ ਵੀ ਚਿੱਟੇ ਦੀ ਓਵਰਡੋਜ਼ ਲੱਗ ਰਿਹਾ ਹੈ ਕਿਉਂਕਿ ਬੱਬੂ ਦੀ ਲਾਸ਼ ਕੋਲੋਂ ਮਿਲੀਆਂ ਸਰਿੰਜਾਂ ਤੋਂ ਸਾਫ ਹੁੰਦਾ ਹੈ ਕਿ ਨਸ਼ਾ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ।
ਸਰਿੰਜਾਂ ’ਤੇ ਪਾਬੰਦੀ ਦੀ ਮੰਗ
ਤਲਵੰਡੀ ਸਾਬੋ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਅਾਂ ਵਿਚ ਅੱਜ ਕੱਲ ਟੀਕੇ ਸਰਿੰਜਾਂ ਦੀ ਵਿਕਰੀ ਕਾਫੀ ਜ਼ੋਰਾਂ ਸ਼ੋਰਾਂ ’ਤੇ ਹੋ ਰਹੀ ਹੈ ਭਾਵੇਂ ਕਿ ਪਹਿਲਾਂ ਦੁਕਾਨਾਂ ’ਤੇ ਸਿਲਵਰ ਰੋਲ ਦੀ ਵਿਕਰੀ ਕਾਫੀ ਸੀ ਪਰ ਹੁਣ ਨੌਜਵਾਨਾਂ ਵੱਲੋਂ ਚਿੱਟੇ ਨੂੰ ਟੀਕੇ ਵਿਚ ਭਰ ਕੇ ਲਾਉਣ ਨਾਲ ਸਰਿੰਜਾਂ ਦੀ ਕਾਫੀ ਵਿਕਰੀ ਹੋ ਰਹੀ ਹੈ, ਭਾਵੇਂ ਕਿ ਕੋਈ ਵੀ ਮੈਡੀਕਲ ਹਾਲ ਵਾਲਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਪਰ ਸੂਤਰ ਦੱਸਦੇ ਹਨ ਕਿ ਮੈਡੀਕਲਾਂ ਦੇ ਨਾਲ-ਨਾਲ ਕਈ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਵੀ ਸਰਿੰਜਾਂ ਆਮ ਮਿਲ ਰਹੀਆਂ ਹਨ। ਅਾਜ਼ਾਦ ਕੌਂਸਲਰ ਅਤੇ ਸਮਾਜ ਸੇਵੀ ਸਤਿੰਦਰ ਸਿੰਘ ਸਿੱਧੂ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਰੋਕਣ ਦੇ ਨਾਲ-ਨਾਲ ਸਰਿੰਜਾਂ ਦੀ ਖੁੱਲ੍ਹੀ ਵਿਕਰੀ ’ਤੇ ਵੀ ਰੋਕ ਲਾਈ ਜਾਵੇ ਜੋ ਕਿ ਸਿਰਫ ਡਾਕਟਰ ਦੀ ਪਰਚੀ ’ਤੇ ਦਿੱਤੀ ਜਾਵੇ ਤਾਂ ਜੋ ਨਸ਼ੇ ਦੇ ਸਾਧਨ ਬੰਦ ਕਰ ਕੇ ਨਸ਼ੇ ਨੂੰ ਠੱਲ੍ਹ ਪਾਈ ਜਾ ਸਕੇ।
ਸੁੰਨੀਅਾਂ ਥਾਵਾਂ ਅਤੇ ਪਾਰਕ ਨਸ਼ੇੜੀਆਂ ਦੇ ਅੱਡੇ
ਤਲਵੰਡੀ ਸਾਬੋ ’ਚ ਬਣੇ ਪਾਰਕ ਨਸ਼ੜੀਆਂ ਦੇ ਅੱਡੇ ਬਣਦੇ ਜਾ ਰਹੇ ਹਨ ਅੱਜ ਜਦੋਂ ਤਲਵੰਡੀ ਸਾਬੋ ’ਚ ਬਣੇ ਦੋ ਪਾਰਕਾਂ ਦਾ ਦੌਰਾ ਕੀਤਾ ਗਿਆ ਤਾਂ ਉਥੇ ਸਰਿੰਜਾਂ ਅਤੇ ਟੀਕਿਅਾਂ ਦੇ ਨਾਲ-ਨਾਲ ਨਸ਼ੇ ਦੀਆਂ ਗੋਲੀਆਂ ਦੇ ਪੱਤੇ ਆਮ ਦੇਖੇ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ੇੜੀ ਪਾਰਕਾਂ ਨੂੰ ਨਸ਼ਾ ਕਰਨ ਲਈ ਵਰਤ ਰਹੇ ਹਨ। ਇਸ ਦੇ ਨਾਲ ਹੀ ਸੁੰਨੀਆਂ ਥਾਵਾਂ ਜਿਵੇਂ ਤਲਵੰਡੀ ਸਾਬੋ ਰਾਮਾਂ ਬਾਈਪਾਸ ਆਦਿ ਜਗ੍ਹਾ ’ਤੇ ਵੀ ਨਸ਼ੇੜੀਆਂ ਨੇ ਆਪਣੇ ਅੱਡੇ ਬਣਾਏ ਹੋਏ ਹਨ।