ਨਹੀਂ ਰੁਕ ਰਹੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ''ਚ ਸੱਟੇਬਾਜ਼ੀ ਤੇ ਨਸ਼ਾ ਸਮੱਗਲਿੰਗ
Thursday, Aug 31, 2017 - 05:15 AM (IST)

ਜਲੰਧਰ (ਬੁਲੰਦ)—ਪੁਲਸ ਤੇ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਜਿਵੇਂ ਕਿਲਾ ਮੁਹੱਲਾ, ਕਾਜ਼ੀ ਮੁਹੱਲਾ, ਮਹਿੰਦਰੂ ਮੁਹੱਲਾ, ਵਾਲਮੀਕਿ ਗੇਟ, ਸੈਦਾਂ ਗੇਟ, ਗੋਪਾਲ ਨਗਰ ਆਦਿ ਵਿਚ ਨਸ਼ਾ ਸਮੱਗਲਿੰਗ, ਜੂਆ ਤੇ ਸੱਟੇਬਾਜ਼ੀ ਨੂੰ ਠੱਲ੍ਹ ਨਹੀਂ ਪੈ ਰਹੀ। ਹਾਲਾਤ ਇਹ ਹਨ ਕਿ ਇਲਾਕੇ ਵਿਚ ਸ਼ਹਿਰ ਦੇ ਵੱਡੇ ਸਮੱਗਲਰ ਆਪਣਾ ਕਾਰੋਬਾਰ ਚਲਾ ਰਹੇ ਹਨ ਤੇ ਇਨ੍ਹਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਅਖੌਤੀ ਆਗੂ ਦਾ ਸਮਰਥਨ ਹੈ। ਮਾਮਲੇ ਬਾਰੇ ਇਲਾਕਾ ਵਾਸੀਆਂ ਦੀ ਮੰਨੀਏ ਤਾਂ ਪੰਜਾਬ ਵਿਚ ਨਵੀਂ ਸਰਕਾਰ ਆਉਣ ਦੇ ਬਾਅਦ ਤੋਂ ਹੀ ਨਵੇਂ ਅਖੌਤੀ ਆਗੂਆਂ ਨੇ ਪਰ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਤ ਇਹ ਹਨ ਕਿ ਨਾਰਥ ਇਲਾਕੇ ਵਿਚ ਪਹਿਲਾਂ ਵੀ ਨਸ਼ਾ ਸਮੱਗਲਿੰਗ ਤੇ ਸੱਟੇਬਾਜ਼ੀ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮਹਿੰਦਰੂ ਮੁਹੱਲਾ ਤੇ ਆਲੇ-ਦੁਆਲੇ ਦੇ ਮੁਹੱਲਿਆਂ ਵਿਚ ਛਾਪੇਮਾਰੀ ਕੀਤੀ ਸੀ ਪਰ ਕੋਈ ਵੱਡੀ ਕਾਰਵਾਈ ਨਹੀਂ ਹੋ ਸਕੀ ਸਿਰਫ ਚਿਤਾਵਨੀ ਦੇ ਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ।
ਜਿਸ ਨਾਲ ਇਲਾਕੇ ਵਿਚ ਸਮੱਗਲਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਜਾਣਕਾਰ ਦੱਸਦੇ ਹਨ ਕਿ ਇਨ੍ਹਾਂ ਮਾਮੂਲੀ ਆਗੂਆਂ ਨੇ ਆਪਣੇ ਵੱਡੇ ਆਕਾਵਾਂ ਕੋਲੋਂ ਪੁਲਸ ਨੇ ਫੋਨ ਕਰਵਾ ਕੇ ਆਪਣੇ ਕੰਮ ਕਰਵਾਉਣ ਦੀਆਂ ਸਿਫਾਰਸ਼ਾਂ ਕਰਵਾ ਦਿੱਤੀਆਂ ਹਨ। ਹੁਣ ਇਨ੍ਹਾਂ ਅਖੌਤੀ ਆਗੂਆਂ ਨੇ ਕੰਮ ਇਹ ਫੜਿਆ ਹੈ ਕਿ ਖੁਦ ਹੀ ਪਹਿਲਾਂ ਪੁਲਸ ਦੇ ਕੁੱਝ ਮਿਲੀਭੁਗਤ ਵਾਲੇ ਮੁਲਾਜ਼ਮਾਂ ਨੂੰ ਸਮੱਗਲਰਾਂ ਦੇ ਘਰ ਭੇਜ ਕੇ ਜਾਂ ਤਾਂ ਧਮਕਾਉਂਦੇ ਹਨ ਜਾਂ ਛੋਟੇ ਮੋਟੇ ਸਮੱਗਲਰ ਨੂੰ ਚੁਕਵਾ ਲੈਂਦੇ ਹਨ ਤੇ ਬਾਅਦ ਵਿਚ ਖੁਦ ਹੀ ਜਾ ਕੇ ਸਮੱਗਲਰ ਨੂੰ ਛੁਡਵਾ ਲੈਂਦੇ ਹਨ ਤੇ ਆਪਣਾ ਹਫਤਾ ਪੱਕਾ ਕਰ ਲੈਂਦੇ ਹਨ। ਹਾਲਾਤ ਇਹ ਹਨ ਕਿ ਪੁਲਸ ਬਜਾਏ ਸਮੱਗਲਰਾਂ ਤੇ ਸੱਟੇਬਾਜ਼ਾਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸੇ, ਉਲਟਾ ਅਖੌਤੀ ਆਗੂ ਦੇ ਵਿਚ ਪੈਣ ਨਾਲ ਪੁਲਸ ਵੀ ਜੇਬਾਂ ਗਰਮ ਕਰਨ ਵਿਚ ਮਸ਼ਗੂਲ ਹੋ ਚੁੱਕੀ ਹੈ। ਮਾਮਲੇ ਬਾਰੇ ਸੂਤਰ ਦੱਸਦੇ ਹਨ ਕਿ ਨਾਰਥ ਇਲਾਕੇ ਦੇ ਕਈ ਛੋਟੇ ਹੋਟਲਾਂ ਵਿਚ ਰਾਤ ਭਰ ਜੂਆ ਚਲਦਾ ਹੈ ਤੇ ਕਈ ਫਲੈਟਾਂ ਤੇ ਖਾਲੀ ਮਕਾਨਾਂ ਵਿਚ ਸੱਟੇਬਾਜ਼ੀ ਦੇ ਅੱਡੇ ਲੱਗੇ ਹੋਏ ਹਨ ਪਰ ਇਲਾਕੇ ਦੀ ਪੁਲਸ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਨਾਲ ਸ਼ਰੀਫ ਲੋਕਾਂ, ਖਾਸ ਕਰ ਔਰਤਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂਕਿ ਸੱਟੇਬਾਜ਼ ਤੇ ਸਮੱਗਲਰ ਦੇਰ ਰਾਤ ਤੱਕ ਸ਼ਰਾਬ ਦੇ ਨਸ਼ੇ ਵਿਚ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਨਹੀਂ ਘਬਰਾਉਂਦੇ। ਅਜਿਹੇ ਵਿਚ ਜਦੋਂ ਥਾਣਾ ਨੰਬਰ 3 ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕਾ ਵਿਧਾਇਕ ਦੇ ਨਿਰਦੇਸ਼ ਹਨ ਕਿ ਕਿਸੇ ਵੀ ਹਾਲ ਵਿਚ ਇਲਾਕੇ ਵਿਚ ਨਸ਼ਾ ਸਮੱਗਲਰਾਂ ਤੇ ਸੱਟੇਬਾਜ਼ਾਂ ਨੂੰ ਨਾ ਬਖਸ਼ਿਆ ਜਾਵੇ। ਅਜਿਹੇ ਵਿਚ ਪੁਲਸ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਸਿਆਸੀ ਦਬਾਅ ਵਿਚ ਨਹੀਂ ਹੈ ਤੇ ਜਲਦੀ ਹੀ ਇਨ੍ਹਾਂ ਮੁਹੱਲਿਆਂ ਵਿਚ ਛਾਪਾਮਾਰੀ ਕਰ ਕੇ ਸਮੱਗਲਰਾਂ ਨੂੰ ਫੜਿਆ ਜਾਵੇਗਾ।