ਨੌਜਵਾਨਾਂ ਨੂੰ ਮੈਡੀਕਲ ਨਸ਼ੇ ਦੀ ਲਤ ’ਚ ਪਾਉਣ ਲੱਗੇ ਨਸ਼ਾ ਸਮੱਗਲਰ!, ਸਰੀਰ ਹੋ ਰਿਹੈ ਖੋਖਲਾ
Monday, Feb 26, 2024 - 12:23 PM (IST)
ਕਪੂਰਥਲਾ (ਮਹਾਜਨ)- ਵਿਰਾਸਤੀ ਸ਼ਹਿਰ ’ਚ ਅੱਜਕਲ੍ਹ ਨੌਜਵਾਨ ਨਸ਼ੇ ਦੀ ਲਤ ’ਚ ਇੰਨੇ ਗ੍ਰਸਤ ਹੋ ਚੁੱਕੇ ਹਨ ਕਿ ਪੁਲਸ ਵੱਲੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਕਾਰਨ ਨਸ਼ੇੜੀਆਂ ਨੂੰ ਨਸ਼ਾ ਨਹੀਂ ਮਿਲ ਰਿਹਾ। ਸਮੈਕ, ਹੈਰੋਇਨ, ਅਫ਼ੀਮ ਆਦਿ ਦੀ ਸਖ਼ਤੀ ਕਾਰਨ ਨੌਜਵਾਨਾਂ ਨੂੰ ਨਸ਼ੇ ਨਾ ਮਿਲਣ ਕਾਰਨ ਨਸ਼ਾ ਸਮੱਗਲਰ ਹੁਣ ਨੌਜਵਾਨਾਂ ਨੂੰ ਮੈਡੀਕਲ ਦੇ ਨਸ਼ੇ ’ਚ ਪਾ ਰਹੇ ਹਨ। ਐਕਸਪ੍ਰੈੱਸ ਟ੍ਰਾਈਕਾ, ਏਟੀਵਾਨ, ਲੋਰਾਜੀਫਾਮ, ਰਿਪੋਟ੍ਰੀਲ ਸਮੇਤ ਬਹੁਤ ਸਾਰੀਆਂ ਅਜਿਹੀਆਂ ਦਵਾਈਆਂ ਹਨ, ਜੋ ਨਸ਼ੇ ਲਈ ਵਰਤੀਆਂ ਜਾ ਰਹੀਆਂ ਹਨ। ਸਮੱਗਲਰ ਸਿਰਫ਼ 20 ਤੋਂ 30 ਰੁਪਏ ਦਾ ਇਹ ਪੱਤਾ ਨਸ਼ਾ ਕਰਨ ਵਾਲਿਆਂ ਨੂੰ 250 ਤੋਂ 300 ਰੁਪਏ ਵਿਚ ਵੇਚਦੇ ਹਨ, ਜਿਸ ਕਾਰਨ ਸਿਰਫ਼ 3-4 ਰੁਪਏ ਦੀ ਗੋਲ਼ੀ ਨੇ ਨੌਜਵਾਨਾਂ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਨਸ਼ਾ ਸਮੱਗਲਰ ਨੌਜਵਾਨਾਂ ਨੂੰ ਇਨ੍ਹਾਂ ਦਵਾਈਆਂ ਦਾ ਆਦੀ ਕਰਵਾ ਕੇ ਆਪਣੀ ਚਾਂਦੀ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਨੌਜਵਾਨ ਮੈਡੀਕਲ ਨਸ਼ੇ ਦੀ ਦਲਦਲ ਵਿਚ ਆਪਣੀ ਜ਼ਿੰਦਗੀ ਨੂੰ ਖੋਖਲਾ ਕਰ ਰਹੇ ਹਨ।
ਕਈ ਮੈਡੀਕਲ ਸਟੋਰਾਂ ’ਤੇ ਘੁੰਮਦੀ ਹੈ ਡਾਕਟਰ ਦੀ ਇਕ ਪਰਚੀ
ਨੌਜਵਾਨ ਵੀ ਆਪਣਾ ਨਸ਼ਾ ਪੂਰਾ ਕਰਨ ਲਈ ਸਸਤੇ ਮੈਡੀਕਲ ਨਸ਼ੇ ਦਾ ਸਹਾਰਾ ਲੈਣ ਲੱਗ ਪਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਾਕਟਰ ਦੀ ਪਰਚੀ ਕਰੀਬ 10-12 ਦੁਕਾਨਾਂ ’ਤੇ ਚੱਲਦੀ ਹੈ, ਜਿਸ ਕਾਰਨ ਇਕ ਪਰਚੀ ’ਤੇ 60-70 ਦੇ ਕਰੀਬ ਨਸ਼ੀਲੀਆਂ ਗੋਲ਼ੀਆਂ ਨਸ਼ਾ ਤਸਕਰਾਂ ਤੱਕ ਪਹੁੰਚ ਜਾਂਦੀਆਂ ਹਨ, ਜਿਸ ਕਾਰਨ ਇਹ ਤਸਕਰ ਨਸ਼ੇੜੀਆਂ ਨੂੰ ਨਸ਼ੇ ਦੀਆਂ ਗੋਲ਼ੀਆਂ ਦੁੱਗਣੇ-ਤਿੱਗਣੇ ਭਾਅ ’ਤੇ ਵੇਚ ਰਹੇ ਹਨ। ਇਹ ਇਕ ਬਹੁਤ ਵੱਡਾ ਬਲੈਕ ਮਾਫ਼ੀਆ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਤਸਕਰਾਂ ਕੋਲ 60-70 ਨਸ਼ੀਲੀਆਂ ਦਵਾਈਆਂ ਡਾਕਟਰ ਦੀ ਪਰਚੀ ’ਤੇ ਆਉਂਦੀਆਂ ਹਨ ਤਾਂ ਰੋਜ਼ ਕਿੰਨੀਆਂ ਪਰਚੀਆਂ ਨਾਲ ਤਸਕਰ ਦਵਾਈਆਂ ਦਾ ਸਟਾਕ ਆਪਣੇ ਕੋਲ ਜਮ੍ਹਾ ਕਰ ਲੈਂਦੇ ਹੋਣਗੇ।
ਡਾਕਟਰ ਵੱਲੋਂ ਲਿਖੀ ਦਵਾਈਆਂ ਦੀ ਲੈਂਦੇ ਹਨ ਓਵਰਡੋਜ਼
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਾ ਛੁਡਾਉਣ ’ਚ ਨਸ਼ਾ ਛੱਡਣ ਲਈ ਗੋਲ਼ੀਆਂ ਦਿੱਤੀਆਂ ਜਾਂਦੀਆਂ ਹਨ। ਨੌਜਵਾਨ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਉਂਦੇ ਹੀ ਡਾਕਟਰ ਦੀ ਸਲਾਹ ’ਤੇ ਦਿੱਤੇ ਗਏ ਪਰਚੀ ਦੀ ਦੁਰਵਰਤੋਂ ਕਰਦੇ ਹਨ ਅਤੇ ਇਨ੍ਹਾਂ ਗੋਲੀਆਂ ਦੀ ਓਵਰਡੋਜ਼ ਲੈ ਲੈਂਦੇ ਹਨ, ਜਿਸ ਕਾਰਨ ਉਹ ਇਨ੍ਹਾਂ ਦਵਾਈਆਂ ਦੇ ਆਦੀ ਹੋ ਜਾਂਦੇ ਹਨ ਅਤੇ ਅੱਜ ਵੀ ਇਹ ਸਮੱਸਿਆ ਹੈ ਕਿ ਇਨ੍ਹਾਂ ਮੈਡੀਕਲ ਦਵਾਈਆਂ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਿਵੇਂ ਦੂਰ ਰੱਖਿਆ ਜਾਵੇ?
ਕੀ ਕਹਿੰਦੇ ਹਨ ਡਾਕਟਰ
ਦਵਾਈਆਂ ਦੀ ਓਵਰਡੋਜ਼ ਜਾਨਲੇਵਾ ਵੀ ਹੋ ਸਕਦੀ ਹੈ। ਇਨ੍ਹਾਂ ਦਵਾਈਆਂ ਦੀ ਓਵਰਡੋਜ਼ ਨਾਲ ਘਾਤਕ ਪ੍ਰਭਾਵ ਹੋ ਸਕਦੇ ਹਨ, ਜਿਵੇਂ ਕਿ ਨੀਂਦ ਦੀ ਸਮੱਸਿਆ, ਦੌਰੇ ਪੈਣੇ, ਜਿਗਰ ਦੀਆਂ ਸਮੱਸਿਆਵਾਂ, ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਕਬਜ, ਸਿਰ ਦਰਦ, ਥਕਾਵਟ, ਯਾਦਦਾਸ਼ਤ ਦੀ ਸਮੱਸਿਆ, ਚੱਕਰ ਆਉਣਾ, ਮੂੰਹ ਸੁੱਕਣਾ, ਬੋਲਣ ’ਚ ਅਸਪੱਸ਼ਟਤਾ ਹੋਣਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। -ਡਾ. ਰਣਵੀਰ ਕੌਸ਼ਲ।
ਨਸ਼ਾ ਛੁਡਾਊ ਕੇਂਦਰ ’ਚ ਜਿੰਨੇ ਵੀ ਲੋਕ ਨਸ਼ਾ ਛੱਡਣ ਆਉਂਦੇ ਹਨ, ਨਸ਼ਾ ਨਾ ਮਿਲਣ ਨਾਲ ਉਨ੍ਹਾਂ ਨੂੰ ਉਲਟੀਆਂ, ਸਰੀਰ ਟੁੱਟਣਾ, ਮਾਨਸਿਕ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਉਨ੍ਹਾਂ ਨੂੰ ਡਾਕਟਰ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ ਤੇ ਉਨ੍ਹਾਂ ਦੀ ਹਾਲਤ ’ਚ ਸੁਧਾਰ ਆ ਸਕੇ। ਜੇਕਰ ਕੋਈ ਡਾਕਟਰ ਵੱਲੋਂ ਲਿਖੀ ਪਰਚੀ ਦਾ ਇਸਤੇਮਾਲ ਕਰਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।-ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ।