ਨਸ਼ਾ ਸਮੱਗਲਰ ਦੀ ਜ਼ਬਤ ਹੋਈ 70 ਲੱਖ ਰੁਪਏ ਦੀ ਕੀਮਤ ਵਾਲੀ ਜਾਇਦਾਦ

02/18/2020 10:35:10 AM

ਤਰਨਤਾਰਨ (ਰਮਨ) - ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਜ਼ਿਲੇ ਦੇ ਕੁੱਲ 33 ਸਮੱਗਲਰਾਂ ਦੀਆਂ 37 ਕਰੋੜ 1 ਲੱਖ, 16 ਹਜ਼ਾਰ 923 ਰੁਪਏ ਦੀ ਕੀਮਤ ਵਾਲੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸਨ। ਇਨ੍ਹਾਂ ’ਚੋਂ ਇਕ ਨਸ਼ਾ ਸਮੱਗਲਰ ਦੀ 70 ਲੱਖ ਰੁਪਏ ਦੀ ਕੀਮਤ ਵਾਲੀ ਜਾਇਦਾਦ ’ਤੇ ਸਰਕਾਰੀ ਮੋਹਰ ਲਾਉਂਦੇ ਹੋਏ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ 33 ਸਮੱਗਲਰਾਂ ਦੀਆਂ 37 ਕਰੋੜ ਤੋਂ ਵੱਧ ਕੀਮਤ ਵਾਲੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਦੀਆਂ ਸਬੰਧਤ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਲਿਖਤੀ ਰੂਪ ’ਚ ਸੂਚਿਤ ਕੀਤਾ ਗਿਆ। ਇਸ ਦੀ ਪ੍ਰਵਾਨਗੀ ਮਿਲਦੇ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ, ਜਿਸ ਉੱਪਰ ਸਮੱਗਲਰ ਦਾ ਨਿੱਕੇ ਪੈਸੇ ਦਾ ਵੀ ਹੱਕ ਨਹੀਂ ਰਹੇਗਾ। 

ਐੱਸ. ਐੱਸ. ਪੀ. ਨੇ ਦੱਸਿਆ ਕਿ ਅੰਗਰੇਜ਼ ਸਿੰਘ ਉਰਫ ਗੋਪੀ ਪੁੱਤਰ ਸ਼ਮਸ਼ੇਰ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 101/2010 ਜੁਰਮ 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਕਰਤਾਰਪੁਰ ਵਿਖੇ ਦਰਜ ਕੀਤਾ ਗਿਆ ਸੀ। ਇਸ ’ਚ ਕੁੱਲ ਰਿਕਵਰੀ 1 ਕਿਲੋ 500 ਗ੍ਰਾਮ ਹੈਰੋਇਨ ਸੀ। ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕੱਦਮਾ ਨੰਬਰ 90 ਮਿਤੀ 18-07-2014 ਜੁਰਮ 15/18/21/22/61 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ 71 ਗ੍ਰਾਮ 94 ਮਿਲੀਗ੍ਰਾਮ ਹੈਰੋਇਨ ਦੀ ਰਿਕਵਰੀ ਸਬੰਧੀ ਮਾਮਲਾ ਦਰਜ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਦੀ ਇਕ ਕੋਠੀ, ਜਿਸ ਦੀ ਰਕਮ 60 ਲੱਖ ਰੁਪਏ ਬਣਦੀ ਹੈ ਅਤੇ ਕੁੱਲ 8 ਕਨਾਲਾਂ ਜ਼ਮੀਨ, ਜਿਸ ਦੀ ਰਕਮ 10 ਲੱਖ ਰੁਪਏ ਬਣਦੀ ਹੈ, ਜਿਸ ਦੀ ਕੁੱਲ 70 ਲੱਖ ਰੁਪਏ ਦੀ ਜਾਇਦਾਦ ਨੂੰ ਸੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਆਰਡਰ ਪ੍ਰਾਪਤ ਹੋ ਗਏ, ਜਿਸ ਤਹਿਤ ਜਾਇਦਾਦ ਨੂੰ ਕਾਨੂੰਨੀ ਢੰਗ ਨਾਲ ਜ਼ਬਤ ਕੀਤਾ ਗਿਆ ।

PunjabKesari

ਉਨ੍ਹਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਕੁਝ ਦਿਨ ਪਹਿਲਾਂ 4 ਨਾਮੀ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਸੀ। ਜਿਨ੍ਹਾਂ ’ਚ ਜਗਦੇਵ ਸਿੰਘ ਪੁੱਤਰ ਮੱਖਣ ਸਿੰਘ ਖਿਲਾਫ ਥਾਣਾ ਸਦਰ ਤਰਨਤਾਰਨ ਵਿਖੇ ਮੁਕੱਦਮਾ ਨੰਬਰ 28 ਮਿਤੀ 21-03-2017 ਜੁਰਮ 21/61/85 ਤਹਿਤ ਦਰਜ ਹੈ, ਜਿਸ ’ਚ ਕੁੱਲ ਰਿਕਵਰੀ 250 ਗ੍ਰਾਮ ਹੈਰੋਇਨ ਸੀ। ਇਸ ਦੀ ਕੁੱਲ 95 ਕਨਾਲ, 14 ਮਰਲੇ ਜ਼ਮੀਨ ਅਤੇ 2 ਘਰ, 1 ਪੈਲੇਸ ਖਹਿਰਾ ਫਾਰਮ ਹਾਊਸ, 1 ਫਾਰਚੂਨਰ ਕਾਰ ਨੂੰ ਫਰੀਜ਼ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 10 ਕਰੋੜ, 58 ਲੱਖ, 76 ਹਜ਼ਾਰ 392 ਰੁਪਏ ਬਣਦੀ ਹੈ। ਇਸੇ ਤਰ੍ਹਾਂ ਅਵਤਾਰ ਸਿੰਘ ਪੁੱਤਰ ਹਰਜੀਤ ਸਿੰਘ ਖਿਲਾਫ ਥਾਣਾ ਸਰਹਾਲੀ ਵਿਖੇ ਮੁਕੱਦਮਾ ਨੰਬਰ 9 ਮਿਤੀ 22.01.18 ਜੁਰਮ 21/25/29/61/85 ਤਹਿਤ ਥਾਣਾ ਸਰਹਾਲੀ ਵਿਖੇ 500 ਗ੍ਰਾਮ ਹੈਰੋਇਨ ਤਹਿਤ ਦਰਜ ਕੀਤਾ ਗਿਆ, ਜਿਸ ਦੀ 56 ਕਨਾਲ 11 ਮਰਲੇ ਜ਼ਮੀਨ, 1 ਫਾਰਚੂਨਰ ਕਾਰ, 1 ਸਕਾਰਪੀਓ ਕਾਰ ਅਤੇ 1 ਹੀਰੋ ਹਾਂਡਾ ਮੋਟਰਸਾਈਕਲ ਏਜੰਸੀ ਨੂੰ ਫਰੀਜ਼ ਕੀਤਾ ਗਿਆ ਹੈ। ਇਸ ਦੀ ਕੁੱਲ ਰਕਮ 1 ਕਰੋੜ 53 ਲੱਖ 57 ਹਜ਼ਾਰ 530 ਰੁਪਏ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਸੁਖਰਾਜ ਸਿੰਘ ਖਿਲਾਫ ਮੁਕੱਦਮਾ ਨੰਬਰ 111 ਮਿਤੀ 21.10.19 ਜੁਰਮ 21/25/29/61/85 ਤਹਿਤ ਥਾਣਾ ਐੱਸ. ਟੀ. ਐੱਫ. ਅੰਮ੍ਰਿਤਸਰ ਵਿਖੇ ਕੁੱਲ ਰਿਕਵਰੀ 9 ਕਿਲੋ ਹੈਰੋਇਨ ਦਰਜ ਰਜਿਸਟਰ ਹੋਇਆ ਸੀ। ਇਸ ਦੀ 47 ਕਨਾਲ, 6 ਮਰਲੇ ਜ਼ਮੀਨ ਅਤੇ ਇਕ ਰਿਹਾਇਸ਼ੀ ਘਰ ਨੂੰ ਫਰੀਜ਼ ਕੀਤਾ ਗਿਆ, ਜਿਸ ਦੀ ਕੁੱਲ ਰਕਮ 2 ਕਰੋੜ 41 ਲੱਖ, 20 ਹਜ਼ਾਰ 750 ਰੁਪਏ ਬਣਦੀ ਹੈ। ਗੁਰਵੇਲ ਸਿੰਘ ਪੁੱਤਰ ਹਰਬੀਰ ਸਿੰਘ ਖਿਲਾਫ ਮੁਕੱਦਮਾ ਨੰਬਰ 86 ਮਿਤੀ 26.06.15 ਜੁਰਮ 21/61/85 ਤਹਿਤ ਥਾਣਾ ਹਰੀਕੇ, ਜਿਸ ’ਚ ਕੁੱਲ ਰਿਕਵਰੀ 150 ਗ੍ਰਾਮ ਨਸ਼ੇ ਵਾਲਾ ਪਾਊਡਰ ਦਰਜ ਰਜਿਸਟਰ ਹੋਇਆ ਸੀ। ਇਸ ਦੇ 2 ਰਿਹਾਇਸ਼ੀ ਘਰ, 1 ਇਨੋਵਾ ਕਾਰ ਅਤੇ ਇਕ ਟਰੱਕ ਨੂੰ ਫਰੀਜ਼ ਕੀਤਾ ਗਿਆ, ਜਿਸ ਦੀ ਕੁੱਲ ਰਕਮ 60 ਲੱਖ, 14 ਹਜ਼ਾਰ 16 ਰੁਪਏ ਬਣਦੀ ਹੈ। ਹੁਣ ਤੱਕ ਕੁੱਲ 33 ਨਸ਼ਾ ਸਮੱਗਲਰਾਂ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ, ਜਿਸ ਦੀ ਕੁੱਲ ਕੀਮਤ 37 ਕਰੋੜ 1 ਲੱਖ, 16 ਹਜ਼ਾਰ 923 ਰੁਪਏ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਨੂੰ ਠੱਲ ਪਾਉਣ ਲਈ ਜ਼ਿਲਾ ਤਰਨਤਾਰਨ ਪੁਲਸ ਵਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਨਸ਼ਾ ਜੜ੍ਹੋ ਖਤਮ ਕੀਤਾ ਜਾ ਸਕੇ। ਇਸ ਮੌਕੇ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਅਤੇ ਪੀ. ਆਰ. ਉ. ਜਗਦੀਪ ਸਿੰਘ ਵੀ ਹਾਜ਼ਰ ਸਨ।


rajwinder kaur

Content Editor

Related News