ਡਰੱਗ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਕੈਦ ਦੀ ਸਜ਼ਾ

Friday, Sep 01, 2023 - 04:22 PM (IST)

ਡਰੱਗ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਕੈਦ ਦੀ ਸਜ਼ਾ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਵਿਸ਼ੇਸ਼ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਸ਼ਰਣਜੀਤ ਸਿੰਘ ਸੰਨੀ ਨਿਵਾਸੀ ਪਿੰਡ ਕਾਲਾ ਬਾਹੀਆਂ ਕਰਤਾਰਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਲਜ਼ਾਮਾਤ ਪੱਖ ਮੁਤਾਬਕ 30 ਜਨਵਰੀ 2018 ਨੂੰ ਜੀ. ਆਰ. ਪੀ. ਦੀ ਪੁਲਸ ਨੇ ਮੁਲਜ਼ਮ ਸ਼ਰਣਜੀਤ ਸਿੰਘ ਉਰਫ਼ ਸੰਨੀ ਨਿਵਾਸੀ ਪਿੰਡ ਕਾਲਾ ਬਾਹੀਆ ਕਰਤਾਰਪੁਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22 ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ।

ਉਸ ਦਿਨ ਸਵੇਰੇ ਕਰੀਬ ਸਵਾ 9 ਵਜੇ ਜੀ. ਆਰ. ਪੀ. ਪੁਲਸ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਿਲਸਿਲੇ ’ਚ ਪਲੇਟਫਾਰਮ ’ਤੇ ਸੀ। ਚੈਕਿੰਗ ਦੌਰਾਨ ਪਲੇਟਫਾਰਮ ’ਤੇ ਕਰੀਬ 25 ਸਾਲ ਦਾ ਇਕ ਵਿਅਕਤੀ ਲਾਡੋਵਾਲ ਵੱਲੋਂ ਪੈਦਲ ਆ ਰਿਹਾ ਸੀ। ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਅਚਾਨਕ ਪਿੱਛੇ ਮੁੜ ਕੇ ਖਿਸਕਣ ਲੱਗਾ।

ਜਿਉਂ ਹੀ ਪੁਲਸ ਨੇ ਉਸ ਨੂੰ ਰੋਕਿਆ ਤਾਂ ਉਸ ਦੇ ਬੈਗ ਦੀ ਜਾਂਚ ਦੌਰਾਨ ਏਵਿਲ 10 ਐੱਮ. ਐੱਲ. ਦੇ 30 ਇੰਜੈਕਸ਼ਨ, ਜਿਨ੍ਹਾਂ ’ਚ ਸਾਲਟ ਫੇਨਰਾਮਾਈਨ ਮੈਲੇਟ ਸੀ ਅਤੇ ਰੈਸਕੋਜੇਸਿਕ 2 ਐੱਮ. ਐੱਲ. ਦੇ 30 ਇੰਜੈਕਸ਼ਨ, ਜਿਨ੍ਹਾਂ ਵਿਚ ਸਾਲਟ ਬਿਊਪ੍ਰੇਨੋਫਿਰਨ ਹਾਈਕ੍ਰੋਕਲੋਰਾਈਡ ਸੀ, ਬਰਾਮਦ ਹੋਏ। ਅਦਾਲਤ ’ਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ। ਅਦਾਲਤ ਵਿਚ ਗਵਾਹਾਂ, ਸਬੂਤਾਂ ਅਤੇ ਦਲੀਲਾਂ ਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ।


author

Babita

Content Editor

Related News