1.35 ਕਰੋੜ ਦੀ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂ, 8 ਦਿਨ ਪਹਿਲਾਂ ਜੇਲ੍ਹ ''ਚੋਂ ਬਾਹਰ ਆਇਆ ਸੀ ਮੁਲਜ਼ਮ
Thursday, Apr 17, 2025 - 09:55 AM (IST)

ਲੁਧਿਆਣਾ (ਅਨਿਲ) : ਪੁਲਸ ਕਮਿਸ਼ਨਰ ਲੁਧਿਆਣਾ ਆਈ. ਪੀ. ਐੱਸ. ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਕ੍ਰਾਈਮ ਬ੍ਰਾਂਚ-2 ਦੀ ਪੁਲਸ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦੇ ਹੋਏ ਇਕ ਨਸ਼ਾ ਸਮੱਗਲਰ ਨੂੰ 1 ਕਰੋੜ 35 ਲੱਖ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ.ਪੀ. ਕ੍ਰਾਇਮ ਅਮਨਦੀਪ ਸਿੰਘ ਬਰਾੜ ਅਤੇ ਏ.ਸੀ.ਪੀ. ਕ੍ਰਾਈਮ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਾਈਮ ਸ਼ਾਖਾ-2 ਦੇ ਇੰਚਾਰਜ ਇੰਸਪੈਕਟਰ ਵਿਕਰਮਜੀਤ ਸਿੰਘ ਘੁੰਮਣ ਦੀ ਪੁਲਸ ਟੀਮ ਨੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਦਾਣਾ ਮੰਡੀ ਵਿਚ ਇਕ ਮੋਟਰਸਾਈਕਲ ਸਵਾਰ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਮੁਲਜ਼ਮ ਦੇ ਕਬਜ਼ੇ ਵਿਚੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੀ ਪਛਾਣ ਸੁਨੀਲ ਬਾਬਾ ਪੁੱਤਰ ਵਜ਼ੀਰ ਵਾਸੀ ਬਾਜ਼ੀਗਰ ਬਸਤੀ, ਅਮਲੋਹ ਰੋਡ, ਖੰਨਾ ਹਾਲ ਵਾਸੀ ਮੁਹੱਲਾ ਪ੍ਰੀਤ ਨਗਰ, ਮੋਗਾ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੇ ਖਿਲਾਫ ਥਾਣਾ ਸਲੇਮ ਟਾਬਰੀ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 6 ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਲਿਜਾਣ ਵਾਲਾ 48 ਘੰਟਿਆਂ 'ਚ ਨੱਪਿਆ
ਦੱਸਿਆ ਜਾ ਰਿਹਾ ਹੈ ਕਿ ਨਸ਼ਾ ਸਮੱਗਲਰ ਤੋਂ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 1 ਕਰੋੜ 35 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ।
8 ਦਿਨ ਪਹਿਲਾਂ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਜੇਲ੍ਹ 'ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਮੁਲਜ਼ਮ : ਬਰਾੜ
ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਨਸ਼ਾ ਸਮੱਗਲਰ ਸੁਨੀਲ ਬਾਬਾ ਪਿਛਲੇ ਕਈ ਸਾਲਾਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਿਹਾ ਹੈ। ਮੁਲਜ਼ਮ ’ਤੇ ਖੰਨਾ ਪੁਲਸ ਨੇ ਤਿੰਨ ਮਾਮਲੇ ਨਸ਼ਾ ਸਮੱਗਲਿੰਗ ਅਤੇ ਦੋ ਮਾਮਲੇ ਐਕਸਾਈਜ਼ ਐਕਟ ਦੇ ਦਰਜ ਕੀਤੇ ਹੋਏ ਹਨ, ਜਿਸ ਵਿਚ ਮੁਲਜ਼ਮ 7 ਅਪ੍ਰੈਲ 2025 ਨੂੰ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੈ ਅਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਮੁਲਜ਼ਮ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।
ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਮੁਲਜ਼ਮ ਤੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਸਕੇ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਅਤੇ ਲੁਧਿਆਣਾ ਵਿਚ ਕਿਸ ਨੂੰ ਵੇਚਣ ਆਇਆ ਸੀ ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ਵਿਚ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲੇ ਦਿਨ 4,200 ਤੋਂ ਵੱਧ ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ, ਜਾਣੋ ਕਦੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8