ਨਸ਼ਾ ਸਮੱਗਲਰ ਦੀ ਗ਼ੈਰ-ਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ

Thursday, Jun 18, 2026 - 03:51 PM (IST)

ਨਸ਼ਾ ਸਮੱਗਲਰ ਦੀ ਗ਼ੈਰ-ਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ

ਮਲੋਟ (ਗੋਇਲ) : ਅੱਜ ਮਲੋਟ ਦੇ ਪਿੰਡ ਅਬੁਲ ਖੁਰਾਣਾ ’ਚ ਇਕ ਨਸ਼ਾ ਸਮੱਗਲਰ ਵੱਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਨੂੰ ਜ਼ਿਲਾ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਨਾਲ ਢਾਹ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਸਿਟੀ ਮਲੋਟ ਅਧੀਨ ਪੈਂਦੇ ਪਿੰਡ ਅਬੁਲ ਖੁਰਾਨਾ ਦੇ ਰਹਿਣ ਵਾਲੇ ਸ਼ਵਿੰਦਰ ਸਿੰਘ ਉਰਫ਼ ਕਿੰਦੂ ਪੁੱਤਰ ਜਰਨੈਲ ਸਿੰਘ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਈ ਗਈ ਸੀ। ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮਰੱਥ ਅਥਾਰਟੀ ਤੋਂ ਪ੍ਰਾਪਤ ਹਦਾਇਤਾਂ ਦੇ ਆਧਾਰ ’ਤੇ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਸ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ ਗਿਆ।

ਇਸ ਮੌਕੇ ਐੱਸ. ਪੀ. (ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਵਿੰਦਰ ਸਿੰਘ ਉਰਫ਼ ਕਿੰਦੂ ਖ਼ਿਲਾਫ ਨਸ਼ਾ ਸਮੱਗਲਿੰਗ ਨਾਲ ਸਬੰਧਤ ਪੰਜ ਮੁਕੱਦਮੇ ਦਰਜ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਸ਼ੇ ਦੇ ਧੰਦੇ ਰਾਹੀਂ ਜਾਇਦਾਦ ਬਣਾਉਣ ਵਾਲੇ ਵਿਅਕਤੀਆਂ ਦੀਆਂ ਜਾਇਦਾਦਾਂ ਸਮਰੱਥ ਅਥਾਰਟੀ ਰਾਹੀਂ ਅਟੈਚ ਕਰਵਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਨਿਡਰ ਹੋ ਕੇ ਪੁਲਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖਦਿਆਂ ਮੁਲਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦੌਰਾਨ ਡੀ. ਐੱਸ. ਪੀ. ਰਸ਼ਪਾਲ ਸਿੰਘ, ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ, ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਪ੍ਰਦੀਪ ਸਿੰਘ, ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਵਰੁਣ, ਬੀ. ਡੀ. ਪੀ. ਓ. ਮਲੋਟ ਅਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


author

Gurminder Singh

Content Editor

Related News